ਆਸਟ੍ਰੇਲੀਆ ਦੇ ਅੰਕੜਾ ਵਿਭਾਗ ਵੱਲੋਂ ਸਾਲ 2021 ‘ਚ ਹੋਈ ਮਰਦਮਸ਼ੁਮਾਰੀ ਦੇ ਵੇਰਵੇ ਜਾਰੀ ਕੀਤੇ ਗਏ ਹਨ ਜਿਸ ਦੇ ਚਲਦਿਆਂ ਆਸਟ੍ਰੇਲੀਆ ‘ਚ ਪੰਜਾਬੀ ਬੋਲੀ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਸ਼ੁਮਾਰ ਹੋ ਗਈ ਹੈ। 2016 ਤੋਂ ਲੈ ਕੇ 2021 ਤਕ ਪੰਜਾਬੀ ਬੋਲਣ ਵਾਲਿਆਂ ‘ਚ 80 ਫ਼ੀਸਦ ਦਾ ਵਾਧਾ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮੈਂਡਰਿਨ, ਅਰਬੀ, ਵਿਅਤਨਾਮੀ ਤੇ ਕੈਂਟੋਨਿਸ ਦੇ ਮਗਰੋਂ ਪੰਜਾਬੀ ਪੰਜਵੇ ਨੰਬਰ ‘ਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਆਸਟ੍ਰੇਲੀਆ ‘ਚ 2016 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 1,32,496 ਸੀ ਜੋ ਕਿ 2021 ‘ਚ ਵੱਧ ਕੇ 2,39,033 ਹੋ ਗਈ ਹੈ ਤੇ ਸਭ ਤੋਂ ਵੱਧ ਪੰਜਾਬੀ 104,94 ਵਿਕਟੋਰੀਆ ਸੂਬੇ ਦੇ ਵਿੱਚ ਰਹਿੰਦੇ ਹਨ ਜਿਸ ਵਿੱਚ ਮੈਲਬੋਰਨ ਸ਼ਹਿਰ ਆਉਂਦਾ ਹੈ ਤੇ ਕ੍ਰਮਵਾਰ ਨਿਊ ਸਾਉਥ ਵੇਲਜ਼ ਜਿਸ ਵਿੱਚ ਸਿਡਨੀ ਸ਼ਹਿਰ ਆਉਂਦਾ ਹੈ 53,460, ਕੁਈਨਜ਼ਲੈਂਡ 30,873, ਵੈਸਟਰਨ ਆਸਟ੍ਰੇਲੀਆ 20,613 ,ਸਾਊਥ ਆਸਟ੍ਰੇਲੀਆ 20,004, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ 5019, ਤਸਮਾਨੀਆ 2,556 ਤੇ ਨਾਰਦਰਨ ਟੈਰੀਟਰੀ ਵਿੱਚ 1563 ਪੰਜਾਬੀ ਰਹਿੰਦੇ ਹਨ। ਇਸ ਵਾਰ ਭਾਰਤ ਪਰਵਾਸ ‘ਚ ਚੀਨ ਅਤੇ ਨਿਊਜ਼ੀਲੈਂਡ ਨੂੰ ਪਛਾੜ ਕੇ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। 2021 ਦੀ ਮਰਦਮਸ਼ੁਮਾਰੀ ‘ਚ ਇਹ ਵੀ ਪਾਇਆ ਗਿਆ ਹੈ ਕਿ ਆਸਟ੍ਰੇਲੀਆਂ ਦੀ ਅਬਾਦੀ ਦਾ 48.2 ਪ੍ਰਤੀਸ਼ਤ ਵੱਖ-ਵੱਖ ਦੇਸ਼ਾਂ ਦੇ ਜੰਮਪਲ ਹਨ। ਆਸਟ੍ਰੇਲੀਆ ‘ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਕਰੀਬ 673352 ਹੈ।