ਚੀਨ : 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਬੁਲੇਟ ਟਰੇਨ ਦੇ ਦੋ ਡੱਬੇ ਗੁਈਝੂ ਸੂਬੇ ‘ਚ ਪਟੜੀ ਤੋਂ ਲੱਥ ਗਏ। ਇਸ ਹਾਦਸੇ ‘ਚ ਡਰਾਈਵਰ ਦੀ ਮੌਤ ਹੋ ਗਈ ਅਤੇ 7 ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਬੁਲੇਟ ਟਰੇਨ ਚੀਨ ਦੇ ਦੱਖਣ-ਪੱਛਮੀ ਸੂਬੇ ਗੁਆਂਗਜ਼ੂ ਤੋਂ ਦੱਖਣੀ ਸੂਬੇ ਗੁਆਂਗਜ਼ੂ ਵੱਲ ਚੱਲ ਰਹੀ ਸੀ। ਅੱਜ ਸਵੇਰੇ 10.30 ਵਜੇ ਗੁਈਝੋਊ ਦੇ ਇਕ ਸਟੇਸ਼ਨ ‘ਤੇ ਜ਼ਮੀਨ ਖਿਸਕਣ ਕਾਰਨ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ ਟਰੇਨ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚੀਨ ਦੇ ਸਥਾਨਕ ਮੀਡੀਆ ਆਉਟਲੇਟ ਗਲੋਬਲ ਟਾਈਮਜ਼ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ।
ਸੁਰੰਗ ਦੇ ਪ੍ਰਵੇਸ਼ ਦੁਆਰ ‘ਤੇ ਡੱਬੇ ਪਟੜੀ ਤੋਂ ਉਤਰੇ
ਜਾਣਕਾਰੀ ਮੁਤਾਬਕ ਟਰੇਨ ਦੇ ਸੱਤਵੇਂ ਅਤੇ ਅੱਠਵੇਂ ਡੱਬੇ ਉਸ ਸਮੇਂ ਪਟੜੀ ਤੋਂ ਉਤਰ ਗਏ ਜਦੋਂ ਟਰੇਨ ਯੂਜ਼ਾਈ ਸੁਰੰਗ ਦੇ ਪ੍ਰਵੇਸ਼ ਦੁਆਰ ‘ਤੇ ਪਹੁੰਚੀ। ਸਾਰੇ ਜ਼ਖਮੀ ਯਾਤਰੀਆਂ ਨੂੰ ਸਥਾਨਕ ਹਸਪਤਾਲ ਭੇਜਿਆ ਗਿਆ ਹੈ ਅਤੇ ਹੋਰ 136 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਮੌਕੇ ‘ਤੇ ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਜਿਹੀ ਘਟਨਾ ਪਹਿਲਾਂ ਵੀ ਵਾਪਰ ਚੁੱਕੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੱਧ ਚੀਨ ਦੇ ਹੁਨਾਨ ਸੂਬੇ ਵਿੱਚ ਇੱਕ ਟਰੇਨ ਪਟੜੀ ਤੋਂ ਉਤਰ ਗਈ ਸੀ। ਇਸ ਘਟਨਾ ਦੌਰਾਨ ਰੇਲਵੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ, 4 ਗੰਭੀਰ ਜ਼ਖ਼ਮੀ ਹੋ ਗਏ ਸਨ, ਜਦਕਿ 123 ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਉਦੋਂ ਵੀ ਹਾਦਸੇ ਦਾ ਕਾਰਨ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣਾ ਹੀ ਸੀ।