ਜਲਾਲਾਬਾਦ- ਪਿੰਡ ਸੈਦੋਕਾ ਵਿਚ ਮਾਂ ਨਾਲ ਰੰਜਿਸ਼ ਦੇ ਕਾਰਨ ਚਾਚੀ ਨੇ ਤਿੰਨ ਮਹੀਨੇ ਦੀ ਭਤੀਜੀ ਨੂੰ ਜ਼ਿੰਦਾ ਜ਼ਮੀਨ ਵਿਚ ਦਬਾ ਕੇ ਮਾਰ ਦਿੱਤਾ। ਇਸ ਤੋਂ ਬਾਅਦ ਲਾਸ਼ ਖੁਰਦ ਬੁਰਦ ਕਰਨ ਦੇ ਲਈ ਪਖਾਨੇ ਲਈ ਪੁੱਟੇ ਖੱਡੇ ਵਿਚ ਸੁੱਟ ਦਿੱਤਾ। ਬੱਚੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਥਾਣਾ ਅਮੀਰ ਖਾਸ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚੀ ਮਹਿਕਪ੍ਰੀਤ ਦੀ ਮਾਂ ਅਮਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਬੁਧਵਾਰ ਸਵੇਰੇ ਕਿਸੇ ਕੰਮ ਦੇ ਸਿਲਸਿਲੇ ਵਿਚ ਉਹ ਬਾਹਰ ਗਈ ਹੋਈ ਸੀ। ਬੱਚੀ ਉਸ ਨੇ ਗੁਆਂਢੀ ਦੇ ਘਰ ਛੱਡੀ ਹੋਈ ਸੀ। ਉਸ ਦੀ ਗੈਰ ਮੌਜੂਦਗੀ ਵਿਚ ਦਰਾਣੀ ਸੁਖਪ੍ਰੀਤ ਕੌਰ ਨੇ ਉਨ੍ਹਾਂ ਦੇ ਬੇਟੇ ਨੂੰ ਭੇਜ ਕੇ ਗੁਆਂਢੀ ਦੇ ਘਰ ਤੋਂ ਬੱਚੀ ਮਗਵਾ ਲਈ। ਜਦ ਉਹ ਘਰ ਪਹੁੰਚੀ ਤਾਂ ਬੱਚੀ ਉਥੇ ਨਹੀਂ ਸੀ। ਉਨ੍ਹਾਂ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਦਰਾਣੀ ਕੋਲੋਂ ਵੀ ਬੱਚੀ ਸਬੰਧੀ ਪੁਛਗਿੱਛ ਕੀਤੀ ਪਰ ਉਸ ਨੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਵੀਰਵਾਰ ਸਵੇਰੇ ਦਰਾਣੀ ਨੇ ਦੱਸਿਆ ਕਿ ਬੱਚੀ ਦੀ ਲਾਸ਼ ਪਖਾਨੇ ਵਾਲੇ ਖੱਡੇ ਵਿਚ ਪਈ ਹੈ। ਅਮਨਦੀਪ ਕੌਰ ਨੇ ਕਿਹਾ ਕਿ ਬੁਧਵਾਰ ਨੂੰ ਉਥੇ ਲਾਸ਼ ਨਹੀਂ ਸੀ ਤੇ ਅੱਜ ਉਥੇ ਹੀ ਲਾਸ਼ ਮਿਲ ਗਈ। ਇਸੇ ਗੱਲ ’ਤੇ ਉਸ ਨੂੰ ਅਪਣੀ ਦਰਾਣੀ ’ਤੇ ਸ਼ੱਕ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਜਦੋਂ ਦਰਾਣੀ ਨਾਲ ਸਖ਼ਤੀ ਵਰਤੀ ਤਾਂ ਉਸ ਨੇ ਸੱਚਾਈ ਉਗਲ ਦਿੱਤੀ। ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਸੁਖਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਅਪਣੀ ਜੇਠਾਣੀ ਨਾਲ ਨਹੀਂ ਬਣੀ ਹੈ। ਇਸੇ ਰੰਜਿਸ਼ ਦੇ ਚਲਦਿਆਂ ਉਸ ਨੇ ਜੇਠਾਣੀ ਦੀ ਤਿੰਨ ਮਹੀਨੇ ਦੀ ਬੱਚੀ ਨੂੰ ਜ਼ਿੰਦਾ ਦਫਨਾ ਕੇ ਮਾਰ ਦਿੱਤਾ ਅਤੇ ਬਾਅਦ ਵਿਚ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਖੱਡੇ ਵਿਚ ਸੁੱਟ ਦਿੱਤਾ।