ਨਵੀਂ ਦਿੱਲੀ- ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ‘ਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸੋਮਵਾਰ ਨੂੰ ਰਸਮੀ ਤੌਰ ‘ਤੇ ਸ਼ੁਰੂ ਹੋ ਗਿਆ। ਸੈਂਟਰ ਦੀ ਸ਼ੁਰੂਆਤ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ। ਸਿਹਤ ਮੰਤਰੀ ਸਤੇਂਦਰ ਜੈਨ ਨੇ 400 ਬੈੱਡਾਂ ਵਾਲੇ ਇਸ ਸੈਂਟਰ ਨੂੰ ਦਿੱਲੀ ਸਰਕਾਰ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਨੂੰ ਐਲ.ਐਨ.ਜੇ.ਪੀ. ਹਸਪਤਾਲ ਨਾਲ ਜੋੜਿਆ ਗਿਆ ਹੈ ਤਾਂ ਜੋ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਉਥੇ ਆਈ.ਸੀ.ਯੂ. ‘ਚ ਇਲਾਜ ਲਈ ਭੇਜਿਆ ਜਾ ਸਕੇ। ਇਸ ਸੈਂਟਰ ਦਾ ਸਾਰਾ ਬੁਨਿਆਦੀ ਢਾਂਚਾ ਦਿੱਲੀ ਗੁਰਦੁਆਰਾ ਕਮੇਟੀ ਨੇ ਤਿਆਰ ਕੀਤਾ ਹੈ ਜਦਕਿ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਦਿੱਲੀ ਸਰਕਾਰ ਨੇ ਮੁਹੱਈਆ ਕਰਵਾਇਆ ਹੈ। ਸਿਰਸਾ ਨੇ ਸਹਿਯੋਗ ਦੇਣ ਅਤੇ ਸੈਂਟਰ ਲਈ ਮੈਡੀਕਲ ਸਟਾਫ ਪ੍ਰਦਾਨ ਕਰਨ ‘ਤੇ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ।