ਜਲੰਧਰ: ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਾਣਾ ਮੇਰਾ ਕੀ ਕਸੂਰ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਗਾਣੇ ਕਾਰਨ ਰਣਜੀਤ ਬਾਵਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ। ਬੀਤੇ ਸ਼ਨੀਵਾਰ ਰਿਲੀਜ਼ ਹੋਏ ਇਸ ਗਾਣੇ ਨੂੰ ਲੈਕੇ ਇਲਜ਼ਾਮ ਹਨ ਕਿ ਇਸ ‘ਚ ਕੁਝ ਅਜਿਹੇ ਬੋਲ ਹਨ ਜੋ ਕਥਿਤ ਤੌਰ ‘ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਐਤਵਾਰ ਦੇਰ ਰਾਤ ਹਿੰਦੂ ਨੇਤਾ ਤੇ ਪੰਜਾਬ ਬੀਜੇਪੀ ਦੇ ਨੌਜਵਾਨ ਮੀਡੀਆ ਇੰਚਾਰਜ ਐਡਵੋਕੋਟ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸ਼ਹਿਰ ਦੇ ਥਾਣਾ ਤਿੰਨ ‘ਚ ਟਵਿੱਟਰ ਤੇ ਈਮੇਲ ਜ਼ਰੀਏ ਵੀਡੀਓ ਸਬੂਤ ਦੇਕੇ ਸ਼ਿਕਾਇਤ ਦਰਜ ਕਰਵਾਈ। ਐਫਆਈਆਰ ਦੀ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ, ਰਾਜਪਾਲ ਵੀਪੀ ਸਿੰਘ ਬਦਨੌਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤੀ ਹੈ।