ਟੋਰਾਂਟੋ, : ਅਸਲ ਵਿੱਚ ਈਬੋਲਾ ਦਾ ਇਲਾਜ ਕਰਨ ਲਈ ਵਰਤੀ ਜਾਣ ਵਾਲੀ ਐਂਟੀਵਾਇਰਲ ਵੈਕਸੀਨ ਰੈਮਡੈਜ਼ਵੀਅਰ ਦੀ ਕੋਵਿਡ-19 ਦੇ ਇਲਾਜ ਲਈ ਇਜਾਜ਼ਤ ਹੈਲਥ ਕੈਨੇਡਾ ਵੱਲੋਂ ਦੇ ਦਿੱਤੀ ਗਈ ਹੈ|
ਹੈਲਥ ਕੈਨੇਡਾ ਵੱਲੋਂ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਕਿ ਰੈਮਡੈਜ਼ਵੀਅਰ ਦਵਾਈ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਲਈ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਕੋਵਿਡ-19 ਦੇ ਗੰਭੀਰ ਲੱਛਣ ਪਾਏ ਜਾਣਗੇ ਜਿਵੇਂ ਕਿ ਨਿਮੋਨੀਆ ਆਦਿ, ਇਸ ਤੋਂ ਇਲਾਵਾ ਇਹ ਦਵਾਈ ਉਨ੍ਹਾਂ ਮਰੀਜ਼ਾਂ ਨੂੰ ਵੀ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਸਾਹ ਲੈਣ ਵਾਸਤੇ ਵਾਧੂ ਆਕਸੀਜ਼ਨ ਦੀ ਲੋੜ ਹੋਵੇਗੀ|
ਰੈਮਡੈਜ਼ਵੀਅਰ ਅਜਿਹੀ ਪਹਿਲੀ ਦਵਾਈ ਹੈ ਜਿਸ ਨੂੰ ਕੈਨੇਡਾ ਵਿੱਚ ਕੋਵਿਡ-19 ਦੇ ਇਲਾਜ ਲਈ ਮਨਜੂæਰੀ ਦਿੱਤੀ ਗਈ ਹੈ| ਇਸ ਦਵਾਈ ਨੂੰ ਐਮਰਜੰਸੀ ਹਾਲਾਤ ਵਿੱਚ ਅਮਰੀਕਾ, ਯੂਰਪ, ਜਾਪਾਨ, ਸਿੰਗਾਪੁਰ ਤੇ ਆਸਟਰੇਲੀਆ ਵਿੱਚ ਵੀ ਵਰਤੋਂ ਦੀ ਇਜਾਜ਼ਤ ਹੈ| ਇਸ ਤੋਂ ਪਹਿਲਾਂ ਵੀ ਹੋਰਨਾਂ ਵਾਇਰਲ ਇਨਫੈਕਸ਼ਨਜ਼ ਲਈ ਇਸ ਦਵਾਈ ਦੀ ਵਰਤੋਂ ਹੁੰਦੀ ਰਹੀ ਹੈ|
ਹੈਲਥ ਕੈਨੇਡਾ ਅਨੁਸਾਰ ਕੈਨੇਡਾ ਵਿੱਚ ਰੈਮਡੈਜ਼ਵੀਅਰ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਉੱਤੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਵੱਧ ਹੋਵੇ ਤੇ ਜਿਨ੍ਹਾਂ ਵਿੱਚ ਕੋਵਿਡ-19 ਦੇ ਗੰਭੀਰ ਲੱਛਣ ਹੋਣ, ਇਸ ਤੋਂ ਇਲਾਵਾ ਅਜਿਹੇ ਵਿਅਕਤੀ ਦਾ ਭਾਰ 40 ਕਿੱਲੋ ਤੋਂ ਉੱਪਰ ਹੋਣਾ ਚਾਹੀਦਾ ਹੈ| ਹੈਲਥ ਕੈਨੇਡਾ ਨੇ ਰੈਮਡੈਜ਼ਵੀਅਰ ਆਈਵੀ ਰਾਹੀਂ ਦੇਣ ਦੀ ਸਲਾਹ ਦਿੱਤੀ ਹੈ ਤੇ ਇਨ੍ਹਾਂ ਨੂੰ ਅਜਿਹੀਆਂ ਹੈਲਥਕੇਅਰ ਫੈਸਿਲਿਟੀਜ਼ ਵਿੱਚ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ ਜਿੱਥੇ ਮਰੀਜ਼ਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਸਕੇ|