ਓਟਵਾ : ਕੈਨੇਡਾ ਦੇ ਨਰਸਿੰਗ ਹੋਮਜ਼ ਵਿੱਚ ਕੋਵਿਡ-19 ਕਾਰਨ ਹੋਇਆ ਨੁਕਸਾਨ ਕਿਆਸ ਨਾਲੋਂ ਕਿਤੇ ਵੱਧ ਹੈ। ਵੀਰਵਾਰ ਨੂੰ ਇਹ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖੀ। ਉਨ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਐਨੀ ਜਲਦੀ ਅਰਥਚਾਰੇ ਨੂੰ ਮੁੜ ਖੋਲ੍ਹਣਾ ਤਬਹਾਕੁੰਨ ਹੋ ਸਕਦਾ ਹੈ।
ਕੋਵਿਡ-19 ਕਾਰਨ ਕੈਨੇਡਾ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1200 ਦੇ ਨੇੜੇ ਤੇੜੇ ਅੱਪੜ ਗਈ ਹੈ ਤੇ ਇਸ ਦੌਰਾਨ ਸੱਭ ਤੋਂ ਵੱਧ ਨੁਕਸਾਨ ਸੀਨੀਅਰਜ਼ ਦਾ ਹੋਇਆ ਹੈ। ਟਰੂਡੋ ਨੇ ਆਖਿਆ ਕਿ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਣ ਵਾਲੀਆਂ ਆਊਟਬ੍ਰੇਕਸ ਨਾਲ ਨਜਿੱਠਣ ਲਈ ਓਟਵਾ ਪ੍ਰੋਵਿੰਸਾਂ ਨੂੰ ਵਾਧੂ ਸਮਰਥਨ ਬਾਰੇ ਵੀ ਵਿਚਾਰ ਵਟਾਂਦਰਾ ਕਰੇਗਾ। ਇਸ ਦੌਰਾਨ ਕਿਊਬਿਕ ਦੀ ਫੌਜੀ ਰਾਹਤ ਦੀ ਮੰਗ ਵੀ ਵਿਚਾਰੀ ਜਾਵੇਗੀ।
ਟਰੂਡੋ ਨੇ ਆਖਿਆ ਕਿ ਪਿਛਲੇ ਕੁੱਝ ਹਫਤਿਆਂ ਤੋਂ ਅਸੀਂ ਸੀਨੀਅਰਜ਼ ਰੈਜ਼ੀਡੈਂਸਿਜ਼ ਤੇ ਲਾਂਗ ਟਰਮ ਕੇਅਰ ਸੈਂਟਰਜ਼ ਉੱਤੇ ਕੋਵਿਡ-19 ਦੇ ਬੇਹੱਦ ਮਾੜੇ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹਾਂ। ਐਨੇ ਵੱਡੇ ਨੁਕਸਾਨ ਦੀ ਸਾਨੂੰ ਉਮੀਦ ਨਹੀਂਂ ਸੀ। ਸਾਡੇ ਸੀਨੀਅਰਜ਼ ਜਿਹੋ ਜਿਹੇ ਹਾਲਾਤ ਵਿੱਚੋਂ ਲੰਘ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਜੋ ਕੁਝ ਸਹਿਣਾ ਪੈ ਰਿਹਾ ਹੈ ਉਸ ਦਾ ਅੰਦਾਜ਼ਾ ਲਾਇਆ ਜਾਣਾ ਵੀ ਮੁਸ਼ਕਲ ਹੈ। ਸਾਨੂੰ ਉਨ੍ਹਾਂ ਲਈ ਬਿਹਤਰ ਕਰਨਾ ਹੋਵੇਗਾ।
ਫੈਡਰਲ ਸਰਕਾਰ ਪ੍ਰੋਵਿੰਸਾਂ ਦੀ ਮਦਦ ਕਰਨ ਦੇ ਰਾਹ ਲੱਭ ਰਹੀ ਹੈ। ਕੈਨੇਡਾ ਦੇ ਉੱਘੇ ਡਾਕਟਰ ਨੇ ਆਖਿਆ ਕਿ ਹੁਣ ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ ਪਰ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਏ ਆਊਟਬ੍ਰੇਕਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਵਾਇਰਸ ਕਾਰਨ ਮਰਨ ਵਾਲੇ 90 ਫੀ ਸਦੀ ਮਰੀਜ਼ਾਂ ਦੀ ਉਮਰ 60 ਸਾਲ ਤੋਂ ਜਿ਼ਆਦਾ ਸੀ। ਇਨ੍ਹਾਂ ਵਿੱਚੋਂ ਅੱਧੇ ਲਾਂਗ ਟਰਮ ਕੇਅਰ ਹੋਮਜ਼ ਵਿੱਚ ਰਹਿੰਦੇ ਸਨ। ਉਨ੍ਹਾਂ ਆਖਿਆ ਕਿ ਸਿਰਫ ਬਜ਼ੁਰਗ ਹੀ ਕਮਜ਼ੋਰ ਗਰੁੱਪ ਨਹੀਂ ਹੈ, ਬੇਘਰੇ ਲੋਕਾਂ ਤੇ ਮਾੜੇ ਹਾਲਾਤ ਵਿੱਚ ਰਹਿਣ ਵਾਲਿਆਂ ਲਈ ਵੀ ਕਾਫੀ ਕੱੁਝ ਕੀਤਾ ਜਾਣਾ ਚਾਹੀਦਾ ਹੈ।