ਕੋਰੋਨਾ ਵਾਇਰਸ ਵਿਰੁੱਧ ਚਲ ਰਹੀ ਜੰਗ ਵਿੱਚ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਲੜਨ ਵਾਲੇ ਪੁਲਿਸ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਐਵਾਰਡ ਦੇਣ ਦਾ ਐਲਾਨ ਕੀਤਾ ਹੈ, ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸੌਂਪੀ ਹੈ। ਉਨ੍ਹਾਂ ਨੇ ਇਹ ਐਲਾਨ ਆਪਣੀ ਡਿਊਟੀ ਤੋਂ ਵੱਧ ਕੇ ਲੋਕਾਂ ਦੀ ਮਦਦ ਕਰਦੇ ਹੋਏ ਸਰਵਸ਼੍ਰੇਸ਼ਠ ਕੰਮ ਕਰਨ ਵਾਲੇ ਜਵਾਨਾਂ ਦਾ ਮਨੋਬਲ ਵਧਾਉਣ ਲਈ ਕੀਤਾ ਹੈ। ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਮੋਗਾ ਪੁਲਿਸ ਦੇ ਦੋ ਜਵਾਨਾਂ ਏਐੱਸਆਈ (ਐੱਲਆਰ) ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ ਨੂੰ ਸਮਾਜ ਦੇ ਸਰਵਸ਼੍ਰੇਸ਼ਠ ਸੇਵਾ ਕਰਨ ਲਈ ਡੀਜੀਪੀ ਸਨਮਾਨ ਤੇ ਪ੍ਰਮਾਣ ਪੱਤਰ ਲਈ ਪਹਿਲਾਂ ਹੀ ਦੋ ਐਵਾਰਡਾਂ ਲਈ ਚੁਣਿਆ ਗਿਆ ਹੈ, ਜਿਨ੍ਹਾਂ ਨੇ ਧਰਮਕੋਟ ਦੀ ਇਕ ਗਰਭਵਤੀ ਔਰਤ, ਜਿਸ ਨੂੰ ਰਾਤ ਵੇਲੇ ਕਿਸੇ ਹਸਪਤਾਲ ਤੋਂ ਮਦਦ ਨਹੀਂ ਮਿਲੀ, ਦੀ ਖੁੱਲ੍ਹੇ ਅਸਮਾਨ ਹੇਠ ਡਿਲੀਵਰੀ ਕਰਵਾਉਣ ‘ਚ ਸਹਿਯੋਗ ਦਿੱਤਾ ਸੀ।
ਦੱਸਣਯੋਗ ਹੈ ਕਿ ਜਦੋਂ ਦੇਰ ਰਾਤ ਅਨੇਕਾਂ ਹਸਪਤਾਲਾਂ ਨੇ ਗਰਭਵਤੀ ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਇਨ੍ਹਾਂ ਦੋਹਾਂ ਜਵਾਨਾਂ ਨੇ ਔਰਤਾਂ ਨੂੰ ਲਿਆ ਕੇ ਉਸ ਔਰਤ ਦੀ ਡਿਲਵਰੀ ਕਰਵਾਈ ਸੀ। ਮੋਗਾ ਦੇ ਐੱਸਐੱਸਪੀ ਹਰਬੀਰ ਸਿੰਘ ਗਿੱਲ ਨੇ ਵੀ ਦੋਹਾਂ ਜਵਾਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਸੀ। ਇਸ ਤੋਂ ਇਲਾਵਾ ਡੀਜੀਪੀ ਨੇ ਅੰਮ੍ਰਿਤਸਰ ਦੇ ਇੰਸਪੈਕਟਰ ਤੇ ਐੱਸ ਐੱਚ ਓ ਸੰਜੀਵ ਕੁਮਾਰ ਨੂੰ ਤੀਸਰੇ ਐਵਾਰਡ ਲਈ ਚੁਣਿਆ ਹੈ, ਜੋਕਿ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਇਕ ਮਿਸ਼ਨ ਬਣਾ ਕੇ ਚੱਲ ਰਹੇ ਹਨ। ਡੀਜੀਪੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਵਿਰੁੱਧ ਲੜਨ ਵਾਲੇ ਪੰਜਾਬ ਪੁਲਿਸ ਦੇ ਜਵਾਨ ਜੋਕਿ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਰਹੇ ਹਨ, ਨੂੰ ਹੋਰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਵਿੱਚ ਅੱਜ ਕਰਫਿਊ ਦਾ 15ਵਾਂ ਦਿਨ ਚੱਲ ਰਿਹਾ ਹੈ ਪੰਜਾਬ ਪੁਲਸ ਦੇ ਲਗਭਗ 15000 ਜਵਾਨ ਕੋਰੋਨਾ ਵਾਇਰਸ ਕਾਰਨ ਜਿੱਥੇ ਇੱਕ ਪਾਸੇ ਕਰਫਿਊ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾ ਰਹੇ ਹਨ ਤਾਂ ਦੂਜੇ ਪਾਸੇ ਉਹ ਬੇਘਰ ਲੋੜਵੰਦ ਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਿੱਚ ਵੀ ਸਹਿਯੋਗ ਕਰ ਰਹੇ ਹਨ। ਸੰਕਟ ਦੀ ਇਸ ਮੁਸ਼ਕਿਲ ਘੜੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਅਪ੍ਰਵਾਸੀ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਦਾ ਪੇਟ ਭਰਨ ਵਿੱਚ ਵੀ ਮਦਦ ਕੀਤੀ, ਜਿਨ੍ਹਾਂ ਕੋਲ ਪੈਸਾ ਤੇ ਖਾਣ ਦਾ ਸਾਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਨੇ ਕਰਫ਼ਿਊ ਦੌਰਾਨ ਮੈਡੀਕਲ ਦੀਆਂ ਐਮਰਜੈਂਸੀ ਸਹੂਲਤਾਂ ਵੀ ਲੋਕਾਂ ਨੂੰ ਮੁਹੱਈਆ ਕਰਵਾਉਣ ਵਿਚ ਸਹਿਯੋਗ ਦਿੱਤਾ।