ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ 19 ਕਾਰਨ ਬਣੇ ਹਾਲਾਤਾਂ ਨਾਲ ਨਜਿਠਣਾ ਉਨ੍ਹਾਂ ਦੀ ਸਰਕਾਰ ਦੀ ਸੱਭ ਤੋਂ ਪਹਿਲੀ ਤਰਜੀਹ ਹੋਵੇਗੀ। ਬੈਨਰਜੀ ਨੇ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਦੀ ਸ਼ਾਨਦਾਰ ਜਿੱਤ ਨੂੰ ਲੋਕਾਂ ਦੀ ਜਿੱਤ ਕਰਾਰ ਦਿਤਾ। ਪਾਰਟੀ ਵਰਕਰਾਂ ਨੂੰ ਅਪਣੇ ਇਕ ਸੰਦੇਸ਼ ’ਚ ਬੈਨਰਜੀ ਨੇ ਕਿਹਾ, ‘‘ਸਾਡੇ ਲਈ ਕੋਵਿਡ 19 ਨਾਲ ਨਜਿਠਣਾ ਪਹਿਲੀ ਤਰਜੀਹ ਵਿਚ ਰਹੇਗਾ, ਇਹ ਬੰਗਾਲ ਦੀ ਜਿੱਤ ਹੈ ਅਤੇ ਸਿਰਫ਼ ਬੰਗਾਲ ਹੀ ਅਜਿਹਾ ਕਰ ਸਕਦਾ ਹੈ।’’
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਬੋਧਤ ਕਰਦੇ ਹੋਏ ਕਿਹਾ ਕਿ ਉਹ ਡਬਲ ਸੇਂਚੁਰੀ ਦੀ ਉਮੀਦ ਕਰ ਰਹੀ ਸੀ। 221 ਸੀਟਾਂ ਨੂੰ ਜਿੱਤਣ ਦੀ ਉਮੀਦ ਕਰ ਰਹੀ ਸੀ।ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਬੰਗਾਲ ਦੇ ਲੋਕਾਂ ਦੀ ਜਿੱਤ ਹੈ। ਮਮਤਾ ਨੇ ਕਿਹਾ ਕਿ ਅਸੀਂ ਜਸ਼ਨ ਨਹੀਂ ਕਰਾਂਗੇ, ਛੋਟਾ ਜਿਹਾ ਸਮਾਰੋਹ ਕਰ ਕੇ ਕੋਵਿਡ ਦੀ ਲੜਾਈ ’ਚ ਜੁੱਟ ਜਾਵਾਂਗੇ। ਬੰਗਾਲ ਦੀ ਸੀਐੱਮ ਨੇ ਚੋਣ ਕਮਿਸ਼ਨ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਵੀ ਲਗਾਇਆ।