ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 558 ਪੌਜ਼ੇਟਿਵ ਮਾਮਲੇ ਸਾਹਮਣੇ ਆਏ ਤੇ 15 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪਟਿਆਲਾ ਵਿੱਚ ਸਭ ਤੋਂ ਵੱਧ 84 ਕੇਸਾਂ ਦੀ ਰਿਪੋਰਟ ਦਰਜ ਕੀਤੀ ਗਈ। ਅੰਮ੍ਰਿਤਸਰ ਵਿੱਚ 75, ਲੁਧਿਆਣਾ ਵਿੱਚ 60, ਜਲੰਧਰ ਵਿੱਚ 47 ਤੇ ਬਠਿੰਡਾ ਵਿੱਚ 34 ਕੇਸ ਦਰਜ ਕੀਤੇ ਗਏ।ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਛੋਟ ਦਿੱਤੀ ਹੈ ਕਿ ਉਹ ਵੀ ਸਰਕਾਰੀ ਲੈਬ ਰਾਹੀਂ ਕੋਰੋਨਾ ਟੈਸਟ ਕਰਵਾ ਸਕਦੇ ਹਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਨਿੱਜੀ ਹਸਪਤਾਲਾਂ ਵੱਲੋਂ ਭੇਜੇ ਗਏ 119 ਸੈਂਪਲ ਦੀ ਜਾਂਚ ਕੀਤੀ ਜਾ ਰਹੀ ਹੈ। ਟਰੂਨਟ ਮਸ਼ੀਨਾਂ ‘ਚ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ 15 ਦੋ ਚੈਨਲ ਵਾਲੀ ਤੇ 15 ਚਾਰ ਚੈਨਲ ਵਾਲੀ ਟਰੂਨਟ ਮਸ਼ੀਨਾਂ ਹਨ, ਜਿਨ੍ਹਾਂ ‘ਚ ਹੁਣ ਤੱਕ 4167 ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ‘ਚੋਂ 264 ਪੌਜ਼ੇਟਿਵ ਪਾਏ ਗਏ ਹਨ।ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਜੰਗ ਦੇ ਯੋਧਿਆਂ ਨੂੰ ਪਹਿਲ ਦਿੱਤੀ ਜਾਵੇਗੀ। ਅੰਮ੍ਰਿਤਸਰ, ਐਸਏਐਸ ਨਗਰ ਤੇ ਜਲੰਧਰ ਜ਼ਿਲ੍ਹਿਆਂ ਨੂੰ ਦੋ-ਦੋ, ਲੁਧਿਆਣਾ ਨੂੰ ਤਿੰਨ ਤੇ ਬਾਕੀ ਜ਼ਿਲ੍ਹਿਆਂ ਨੂੰ ਇਕ-ਇਕ ਮਸ਼ੀਨ ਦਿੱਤੀ ਗਈ ਹੈ। ਤਿੰਨ ਸਰਕਾਰੀ ਮੈਡੀਕਲ ਕਾਲਜਾਂ ਨੂੰ ਵੀ ਇਕ-ਇਕ ਮਸ਼ੀਨ ਦਿੱਤੀ ਗਈ ਹੈ। ਇਹ ਟੈਸਟ 1500 ਰੁਪਏ ਵਿੱਚ ਕੀਤਾ ਜਾ ਰਿਹਾ ਹੈ।