ਐੱਮ.ਪੀ. ਬ੍ਰੈਡ ਵਿਸ ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਮੇਰੇ ਹਲਕੇ ਅਤੇ ਪੂਰੇ ਬੀ.ਸੀ. ਸੂਬੇ ਵਿੱਚ ਬਹੁਤ ਸਾਰੇ ਵਾਸੀਆਂ ਦੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਪਰਿਵਾਰਕ ਸਬੰਧ ਹਨ ਜਿਸ ਕਾਰਨ ਉਹ ਅਕਸਰ ਹਵਾਈ ਸਫ਼ਰ ਕਰਦੇ ਹਨ। ਸਾਲਾਂ ਤੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਵੈਨਕੂਵਰ ਜਾਂ ਐਬਟਸਫੋਰਡ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਅਜੇ ਵੀ ਮੌਜੂਦ ਨਹੀਂ ਹੈ। ਮੈਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਹਾਊਸ ਆਫ ਕਾਮਨਜ਼ ਈ-ਪਟੀਸ਼ਨ ਦਾ ਸਮਰਥਨ ਕਰਨ ‘ਤੇ ਮਾਣ ਹੈ, ਜਿਸ ਵਿੱਚ ਕੈਨੇਡਾ ਸਰਕਾਰ ਨੂੰ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਵਿਕਲਪਾਂ ਦੀ ਖੋਜ ਕਰਨ ਲਈ ਕਿਹਾ ਗਿਆ ਹੈ”।
ਇਸ ਪਟੀਸ਼ਨ ਨੂੰ ਦਾਇਰ ਕਰਨ ਸੰਬੰਧੀ ਮੋਹਿਤ ਧੰਜੂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਪਟੀਸ਼ਨ ‘ਤੇ ਕੈਨੇਡਾ ਦੇ ਪੰਜਾਬੀਆਂ ਤੋਂ ਵੱਡੇ ਪੱਧਰ ‘ਤੇ ਸਮਰਥਨ ਦੀ ਉਮੀਦ ਹੈ ਕਿਉਂਕਿ ਲੋਕ ਦਿੱਲੀ ਰਾਹੀਂ ਲੰਬੀ ਯਾਤਰਾ ਦੀਆਂ ਮੁਸ਼ਕਲਾਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ “ਹਾਊਸ ਆਫ ਕਾਮਨਜ਼” ਵਿੱਚ ਪਾਈਆਂ ਈ-ਪਟੀਸ਼ਨਾਂ ਕਿਸੇ ਵੀ ਹਲਕੇ ਦੇ ਲੋਕਾਂ ਲਈ ਆਪਣੇ ਮੁੱਦੇ ਕੈਨੇਡਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਇੱਕ ਵਧੀਆ ਸਾਧਨ ਹਨ। ਇਸ ਪਟੀਸ਼ਨ ‘ਤੇ ਕਿਸੇ ਵੀ ਕੈਨੇਡੀਅਨ ਨਾਗਰਿਕ ਜਾਂ ਨਿਵਾਸੀ ਦੁਆਰਾ ਦਸਤਖਤ ਕੀਤੇ ਜਾ ਸਕਦੇ ਹਨ, ਚਾਹੇ ਉਨ੍ਹਾਂ ਦੀ ਉਮਰ ਕੋਈ ਵੀ ਹੋਵੇ। ਪਟੀਸ਼ਨ ‘ਤੇ 500 ਤੋਂ ਵੱਧ ਸਾਈਨ ਹੋਣ ਉਪਰੰਤ ਇਸ ਨੂੰ ਕੈਨੇਡਾ ਦੀ ਸੰਸਦ ਵਿੱਚ ਐਮ.ਪੀ. ਵੱਲੋਂ ਪੇਸ਼ ਕੀਤਾ ਜਾਂਦਾ ਹੈ ਜਿਸ ਦਾ ਫਿਰ ਸਰਕਾਰ ਵਲੋਂ ਜਵਾਬ ਵੀ ਦਿੱਤਾ ਜਾਂਦਾ ਹੈ। ਇਸ ਪਟੀਸ਼ਨ (ਨੰਬਰ ਈ-3771) ਨੂੰ ਸੰਸਦ ਦੀ ਵੈੱਬਸਾਈਟ https://petitions.ourcommons.ca/en/Petition/Sign/e-3771 ‘ਤੇ ਜਾ ਕੇ ਕੈਨੇਡਾ ਦੇ ਨਾਗਰਿਕਾਂ ਦੁਆਰਾ ਆਪਣਾ ਨਾਮ, ਫੋਨ ਨੰਬਰ, ਪਿਨ ਕੋਡ ਅਤੇ ਈਮੇਲ ਲਿਖ ਕੇ ਭਰਿਆ ਜਾ ਸਕਦਾ ਹੈ।
ਢਿੱਲੋਂ ਨੇ ਦੱਸਿਆ ਕਿ ਪਟੀਸ਼ਨ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਹੈ ਜੋ ਕਿ ਪੂਰਾ ਸਾਲ ਪੰਜਾਬ ਆਉਂਦੀ ਜਾਂਦੀ ਰਹਿੰਦੀ ਹੈ। ਮੌਜੂਦਾ ਸਮੇਂ ਪੰਜਾਬੀਆਂ ਦੀ ਵੱਡੀ ਗਿਣਤੀ ਪਹਿਲਾਂ ਦਿੱਲੀ ਲਈ ਉਡਾਣਾਂ ਭਰਦੇ ਹਨ ਅਤੇ ਫਿਰ ਪੰਜਾਬ ਆਪਣੇ ਘਰ ਪਹੁੰਚਣ ਲਈ ਸੜਕ ਅਤੇ ਰੇਲ ਮਾਰਗ ਰਾਹੀਂ ਜ਼ਾਂ ਹਵਾਈ ਸਫਰ ਰਾਹੀਂ ਦਿੱਲੀ ਲੰਮਾ ਸਮਾਂ ਰੁਕਣ ਤੋਂ ਬਾਦ ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣ ਭਰਦੇ ਹਨ ਜਿਸ ਨਾਲ ਪੂਰੀ ਯਾਤਰਾ ਵਿੱਚ 25 ਤੋਂ 30 ਵਾਧੂ ਘੰਟੇ ਲੱਗ ਜਾਂਦੇ ਹਨ।
ਗੁਮਟਾਲਾ ਨੇ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਨਾਗਰਿਕ, ਸਥਾਈ ਨਿਵਾਸੀ ਅਤੇ ਹੋਰ ਵੀਜ਼ਾ ਧਾਰਕ ਕਾਰੋਬਾਰ ਲਈ, ਖੁਸ਼ੀ-ਗ਼ਮੀ ਮੌਕੇ ਅਤੇ ਹੋਰ ਪਰਿਵਾਰਕ ਕਾਰਜਾਂ ਲਈ ਕੈਨੇਡਾ ਤੋਂ ਪੂਰਾ ਸਾਲ ਪੰਜਾਬ ਦੀ ਯਾਤਰਾ ਕਰਦੇ ਰਹਿੰਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਮਾਰਚ 2020 ਦੇ ਅਖ਼ੀਰ ਵਿੱਚ ਸਾਹਮਣੇ ਆਇਆ ਜਦੋਂ ਭਾਰਤ ਵਿੱਚ ਪੂਰੀ ਤਰ੍ਹਾਂ ਕੋਵਿਡ-19 ਲੌਕਡਾਊਨ ਹੋ ਜਾਣ ਕਾਰਨ 40,000 ਤੋਂ ਵੱਧ ਕੈਨੇਡੀਅਨ ਵਸਨੀਕ ਪੰਜਾਬ ਵਿੱਚ ਫਸੇ ਹੋਏ ਸਨ। ਵਾਪਸੀ ਉਡਾਣਾਂ ਨੂੰ ਅੰਮ੍ਰਿਤਸਰ ਤੋਂ ਹੀ ਚਲਾਏ ਜਾਣ ਦੀ ਵੱਡੀ ਮੰਗ ਕਾਰਨ ਉਸ ਸਮੇਂ ਕੈਨੇਡੀਅਨ ਸਰਕਾਰ ਨੂੰ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ 25 ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰਨਾ ਪਿਆ, ਜਿਸ ਨਾਲ 7500 ਤੋਂ ਵੱਧ ਕੈਨੇਡਾ ਵਾਸੀ ਵਾਪਸ ਘਰ ਪਹੁੰਚੇ ਸਨ।