ਓਟਵਾ, : ਯੂਰਪੀਅਨ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਵੱਲੋਂ ਕੈਨੇਡਾ ਲਈ ਕੋਵਿਡ-19 ਵੈਕਸੀਨ ਦੀ ਡਲਿਵਰੀ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਡੋਜ਼ਾਂ ਕੈਨੇਡਾ ਨੂੰ ਐਕਸਪੋਰਟ ਕਰਨ ਉੱਤੇ ਕਿਸੇ ਕਿਸਮ ਦੀ ਰੋਕ ਨਹੀਂ ਹੋਵੇਗੀ।
ਯੂਰਪੀਅਨ ਕਮਿਸ਼ਨ ਦੇ ਬੁਲਾਰੇ ਨੇ ਆਖਿਆ ਕਿ ਕਈ ਹੋਰਨਾਂ ਦੇਸ਼ਾਂ ਨਾਲ ਕੈਨੇਡਾ ਨੇ ਵੀ ਡਲਿਵਰੀ ਲਈ ਅਪਲਾਈ ਕੀਤਾ ਸੀ ਤੇ ਇਸ ਲਈ ਉਸ ਨੂੰ ਵੈਕਸੀਨ ਦੀ ਨਿਰਧਾਰਤ ਖੇਪ ਡਲਿਵਰ ਕੀਤੀ ਜਾਵੇਗੀ।ਬੁਲਾਰੇ ਨੇ ਆਖਿਆ ਕਿ ਕੈਨੇਡਾ ਇਸ ਗੱਲ ਤੋਂ ਜਾਣੂ ਹੈ ਕਿ ਯੂਰਪੀਅਨ ਯੂਨੀਅਨ ਦਾ ਇਹ ਫਰਜ਼ ਬਣਦਾ ਹੈ ਕਿ ਜਲਦ ਤੋਂ ਜਲਦ ਸਾਰੇ ਨਾਗਰਿਕਾਂ ਨੂੰ ਵੈਕਸੀਨੇਟ ਕੀਤਾ ਜਾਵੇ। ਇਸ ਦੇ ਨਾਲ ਹੀ ਅਸੀਂ ਹੋਰਨਾਂ ਮੁਲਕਾਂ ਨੂੰ ਵੀ ਇਸ ਵੈਕਸੀਨ ਤੋਂ ਸੱਖਣਾ ਨਹੀਂ ਰੱਖ ਸਕਦੇ, ਖਾਸ ਤੌਰ ਉੱਤੇ ਉਦੋਂ ਜਦੋਂ ਅਜਿਹੇ ਦੇਸ਼ਾਂ ਕੋਲ ਵੈਕਸੀਨ ਤਿਆਰ ਕਰਨ ਦਾ ਕੋਈ ਪ੍ਰਬੰਧ ਹੀ ਨਹੀਂ ਹੈ।
ਮੌਡਰਨਾ, ਫਾਈਜ਼ਰ-ਬਾਇਓਐਨਟੈਕ ਤੇ ਐਸਟ੍ਰਾਜੈ਼ਨੇਕਾ ਵੈਕਸੀਨ ਦੀ ਵੰਡ ਦੇ ਸਬੰਧ ਵਿੱਚ ਯੂਰਪੀਅਨ ਯੂਨੀਅਨ ਨੇ ਮੈਂਬਰ ਮੁਲਕਾਂ ਵਿੱਚ ਤਿਆਰ ਕੀਤੀ ਜਾਣ ਵਾਲੀ ਵੈਕਸੀਨ ਉੱਤੇ ਐਕਸਪੋਰਟ ਕੰਟਰੋਲ ਪਾਲਿਸੀ ਲਾਗੂ ਕੀਤੀ ਹੈ। ਇਸ ਤਹਿਤ ਫਾਰਮਾਸਿਊਟੀਕਲ ਕੰਪਨੀਆਂ ਨੂੰ ਵੈਕਸੀਨ ਹੋਰਨਾਂ ਦੇਸ਼ਾਂ ਨੂੰ ਭੇਜਣ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ। ਇਸ ਸੂਚੀ ਵਿੱਚੋਂ 120 ਦੇਸ਼ਾਂ ਨੂੰ ਛੋਟ ਦਿੱਤੀ ਗਈ ਹੈ। ਪਰ ਕੈਨੇਡਾ ਉਨ੍ਹਾਂ ਵਿੱਚ ਸ਼ਾਮਲ ਨਹੀਂ ਹੈ।
ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਨੂੰ ਦੱਸਿਆ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀ ਨਵੀਂ ਖੇਪ ਯੂਰਪ ਤੋਂ ਰਵਾਨਾ ਹੋ ਚੁੱਕੀ ਹੈ ਤੇ ਜਲਦ ਹੀ ਕੈਨੇਡਾ ਪਹੁੰਚ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਨਿਰਧਾਰਤ ਖੇਪ ਦਾ ਇਹ ਪੰਜਵਾਂ ਹਿੱਸਾ ਹੈ।