ਨੌਜਵਾਨ ਨੂੰ ਪੱਕੇ ਤੌਰ ਤੇ ਕੈਨੇਡਾ ਭੇਜਣ ਦੀ ਗੱਲ ਆਖ ਕੇ ਟ੍ਰੈਵਲ ਏਜੰਟਾਂ ਨੇ ਉਸ ਕੋਲੋਂ 11 ਲੱਖ 60 ਹਜ਼ਾਰ ਰੁਪਏ ਦੀ ਨਕਦੀ ਹਾਸਲ ਕਰ ਲਈ। ਧੋਖਾਧੜੀ ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਕਰਨਜੀਤ ਸਿੰਘ ਦੇ ਬਿਆਨ ਉੱਪਰ ਗੁਰੂ ਰਾਮਦਾਸ ਮਾਰਕੀਟ ਕਪੂਰਥਲਾ ਰੋਡ ਜਲੰਧਰ ਦੇ ਰਹਿਣ ਵਾਲੇ ਟ੍ਰੈਵਲ ਏਜੰਟ ਅਮਨਜੋਤ ਸਿੰਘ ,ਗੁਰਮੀਤ ਸਿੰਘ ਰਾਜਪਾਲ ਅਤੇ ਚੈਰੀ ਰਾਜਪਾਲ ਦੇ ਖ਼ਿਲਾਫ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਕਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2021 ਦੀ ਸ਼ੁਰੂਆਤ ਵਿੱਚ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਪੱਕੇ ਤੌਰ ਤੇ ਕੈਨੇਡਾ ਭੇਜਣਾ ਸੀ। ਵਾਕਫ ਵਿਅਕਤੀ ਦੇ ਜਰੀਏ ਕਰਨਜੀਤ ਸਿੰਘ ਨੇ ਮੁਲਜ਼ਮਾਂ ਨਾਲ ਸੰਪਰਕ ਕੀਤਾ। ਸਾਰੇ ਮੁਲਜ਼ਮਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਬੜੀ ਆਸਾਨੀ ਨਾਲ ਕੈਨੇਡਾ ਭੇਜ ਦੇਣ ਦੀ ਗੱਲ ਆਖੀ। ਵਿਦੇਸ਼ ਭੇਜਣ ਦੀ ਲਈ ਉਨ੍ਹਾਂ ਨੇ ਕਰਨਜੀਤ ਕੋਲੋਂ 11 ਲੱਖ 60 ਹਜ਼ਾਰ ਰੁਪਏ ਦੀ ਨਕਦੀ ਹਾਸਲ ਕਰ ਲਈ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਨ੍ਹਾਂ ਨੇ ਲੜਕੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। 28 ਅਗਸਤ ਨੂੰ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ। ਕਈ ਮਹੀਨਿਆਂ ਤਕ ਚੱਲੀ ਪਡ਼ਤਾਲ ਤੋਂ ਬਾਅਦ ਥਾਣਾ ਡਾਬਾ ਦੀ ਪੁਲਿਸ ਨੇ ਅਮਨਜੋਤ ਸਿੰਘ, ਗੁਰਮੀਤ ਸਿੰਘ ਰਾਜਪਾਲ ਅਤੇ ਚੈਰੀ ਰਾਜਪਾਲ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਤਫ਼ਤੀਸ਼ੀ ਅਫ਼ਸਰ ਏਐਸਆਈ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਵੇਗੀ ।