ਕੈਨੇਡਾ ਨੂੰ ਐਸਟ੍ਰਾਜ਼ੈਨੇਕਾ ਦੀਆਂ 1·5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦਿਵਾਉਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਧੰਨਵਾਦ ਕੀਤਾ ਗਿਆ ਹੈ। ਡੋਜ਼ ਸਾਂਝੀ ਕਰਨ ਦੀ ਇਹ ਡੀਲ ਅਜੇ ਪੂਰੀ ਤਰ੍ਹਾਂ ਸਿਰੇ ਵੀ ਨਹੀਂ ਚੜ੍ਹੀ ਹੈ।
ਸੁੱ਼ਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਵੈਕਸੀਨਜ਼ ਹੀ ਇਸ ਮਹਾਂਮਾਰੀ ਵਿੱਚੋਂ ਬਾਹਰ ਨਿਕਲਣ ਦਾ ਰਾਹ ਹਨ। ਉਨ੍ਹਾਂ ਆਖਿਆ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨਾਲ ਇਸ ਬਾਰੇ ਡੀਲ ਫਾਈਨਲ ਕਰ ਰਹੇ ਹਾਂ। ਵੀਰਵਾਰ ਨੂੰ ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ ਸੀ ਕਿ ਜੇ ਇਹ ਡੀਲ ਸਿਰੇ ਚੜ੍ਹ ਜਾਂਦੀ ਹੈ ਤਾਂ ਅਮਰੀਕਾ ਇਸ ਮਹੀਨੇ ਦੇ ਅੰਤ ਤੱਕ ਲੋਨ ਅਗਰੀਮੈਂਟ ਤਹਿਤ ਕੈਨੇਡਾ ਨੂੰ ਐਸਟ੍ਰਾਜ਼ੈਨੇਕਾ ਦੀਆਂ 1·5 ਮਿਲੀਅਨ ਡੋਜ਼ਾਂ ਦੇਵੇਗਾ।
ਟਰੂਡੋ ਨੇ ਆਖਿਆ ਕਿ ਅਸੀਂ ਬਾਇਡਨ ਪ੍ਰਸ਼ਾਸਨ ਨਾਲ ਕਈ ਮੁਹਾਜ ਉੱਤੇ ਮਿਲ ਕੇ ਕੰਮ ਕਰ ਰਹੇ ਹਾਂ ਤੇ ਇਸ ਵਿੱਚ ਵੈਕਸੀਨ ਵੀ ਸ਼ਾਮਲ ਹੈ। ਉਨ੍ਹਾਂ ਸਹਿਯੋਗ ਦੇਣ ਲਈ ਰਾਸ਼ਟਰਪਤੀ ਬਾਇਡਨ ਦਾ ਧੰਨਵਾਦ ਵੀ ਕੀਤਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਕੈਨੇਡਾ ਤੇ ਅਮਰੀਕਾ ਇੱਕ ਦੂਜੇ ਦੇ ਨੇੜਲੇ ਦੋਸਤ ਹਨ ਤੇ ਅਹਿਮ ਭਾਈਵਾਲ ਹਨ। ਉਨ੍ਹਾਂ ਆਖਿਆ ਕਿ ਉਹ ਜਾਣਦੇ ਹਨ ਕਿ ਕੈਨੇਡੀਅਨਾਂ ਤੇ ਅਮਰੀਕੀਆਂ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ।