ਓਟਵਾ, : ਪ੍ਰਕਿਓਰਮੈਂਟ ਮੰਤਰੀ ਅਨੀਤਾ ਆਨੰਦ ਦੇ ਪਾਰਲੀਆਮੈਂਟਰੀ ਸੈਕਟਰੀ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਲਈ ਫੈਡਰਲ ਸਰਕਾਰ ਦੀ ਪ੍ਰੋਕਿਓਰਮੈਂਟ ਪਹੁੰਚ ਬਿਹਤਰੀਨ ਹੈ।
ਇੱਕ ਇੰਟਰਵਿਊ ਵਿੱਚ ਕਿਊਬਿਕ ਤੋਂ ਲਿਬਰਲ ਐਮਪੀ ਸਟੀਵਨ ਮੈਕਕਿਨਨ ਨੇ ਆਖਿਆ ਕਿ ਸੱਤ ਵੈਕਸੀਨ ਨਿਰਮਾਤਾ ਕੰਪਨੀਆਂ ਕੋਲੋਂ 429 ਮਿਲੀਅਨ ਡੋਜ਼ਾਂ ਖਰੀਦਣ ਲਈ ਕੈਨੇਡਾ ਇੱਕ ਬਿਲੀਅਨ ਡਾਲਰ ਤੋਂ ਵੱਧ ਖਰਚ ਰਿਹਾ ਹੈ। ਕੈਨੇਡਾ ਨੇ ਬਿਹਤਰੀਨ ਬਦਲ ਇਸ ਤਰ੍ਹਾਂ ਚੁਣਿਆ ਹੈ ਕਿ ਅਜਿਹੀਆਂ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਵੈਕਸੀਨ ਤਿਆਰ ਕਰਨ ਵਾਲੀਆਂ ਲੋਕੇਸ਼ਨਾਂ ਤੋਂ ਹੀ ਵੈਕਸੀਨ ਖਰੀਦੀ ਗਈ ਹੈ ਜਿਹੜੀਆਂ ਜਲਦ ਤੋਂ ਜਲਦ ਵੈਕਸੀਨ ਸਪਲਾਈ ਕਰ ਸਕਦੀਆਂ ਹਨ।
ਦਸੰਬਰ ਵਿੱਚ ਵੈਕਸੀਨ ਹਾਸਲ ਕਰਨ ਦੇ ਸਿਲਸਿਲੇ ਦੀ ਸ਼ੁਰੂਆਤ ਹੋਈ ਤੇ ਦੂਜੇ ਦੇਸ਼ਾਂ ਉੱਤੇ ਨਿਰਭਰਤਾ ਕਾਰਨ ਜਨਵਰੀ ਵਿੱਚ ਡਲਿਵਰੀ ਦੀ ਘਾਟ ਕਾਰਨ ਕੈਨੇਡਾ ਦੀ ਵੈਕਸੀਨ ਕੈਂਪੇਨ ਨੂੰ ਕਿਤੇ ਧੱਕਾ ਵੀ ਲੱਗਿਆ। ਖੇਪ ਦੀ ਘਾਟ ਕਾਰਨ ਕੈਨੇਡਾ ਕਈ ਹੋਰਨਾਂ ਦੇਸ਼ਾਂ ਤੋਂ ਪਛੜ ਵੀ ਗਿਆ ਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ ਉੱਤੇ ਫੈਡਰਲ ਲਿਬਰਲਾਂ ਦੀ ਕਾਫੀ ਖਿਚਾਈ ਵੀ ਕੀਤੀ ਗਈ।
ਹਾਊਸ ਆਫ ਕਾਮਨਜ਼ ਦੀ ਕਮੇਟੀ ਸਾਹਮਣੇ ਆਪਣਾ ਪੱਖ ਰੱਖਦਿਆਂ ਵੀਰਵਾਰ ਨੂੰ ਆਨੰਦ ਨੇ ਆਖਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਬੜੀ ਸਰਗਰਮੀ ਨਾਲ ਕੈਨੇਡਾ ਵਿੱਚ ਹੀ ਵੈਕਸੀਨ ਦਾ ਉਤਪਾਦਨ ਸ਼ੁਰੂ ਕਰਵਾਉਣ ਲਈ ਲੀਡਿੰਗ ਵੈਕਸੀਨ ਉਤਪਾਦਕਾਂ ਨਾਲ ਤਾਲਮੇਲ ਬਿਠਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਪਰ ਉਹ ਇਹ ਆਖ ਕੇ ਇੱਥੇ ਉਤਪਾਦਨ ਨਹੀਂ ਕਰਨੀਆਂ ਚਾਹੁੰਦੀਆਂ ਕਿਉਂਕਿ ਇੱਥੇ ਸਮਰੱਥਾ ਦੀ ਕਾਫੀ ਘਾਟ ਹੈ।
ਮੈਕਕਿਨਨ ਨੇ ਆਖਿਆ ਕਿ ਅਜਿਹਾ ਨੰਬਰ ਇੱਕ ਪਹੁੰਚ ਸਾਡੇ ਕੋਲ ਉਪਲਬਧ ਨਹੀਂ ਸੀ ਇਸ ਲਈ ਅਸੀਂ ਦੂਜੀ ਬਿਹਤਰੀਨ ਪਹੁੰਚ ਦਾ ਰਾਹ ਚੁਣਿਆ। ਆਉਣ ਵਾਲੇ ਸਮੇਂ ਵਿੱਚ ਅਸੀਂ ਕੈਨੇਡੀਅਨ ਬਾਇਓਮੈਨੂਫੈਕਚਰਰਜ਼ ਵਿੱਚ ਵੀ ਨਿਵੇਸ਼ ਕਰਾਂਗੇ।