-ਸਮੇਂ ਸਿਰ ਨਹੀਂ ਮਿਲ ਰਿਹਾ ਖਾਣਾ
-ਜੁਰਮਾਨੇ ਦੇ ਰੂਪ ‘ਚ ਵਸੂਲਿਆ ਜਾ ਰਿਹਾ ਹੋਟਲਾਂ ਵੱਲੋਂ ਕਿਰਾਇਆ
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ ‘ਚ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਬੜੇ ਸਖ਼ਤ ਕਦਮ ਚੁੱਕੇ ਹਨ ਜਿੰਨ੍ਹਾਂ ਵਿੱਚ ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਦੀ ਹਵਾਈ ਅੱਡੇ ‘ਤੇ ਹੀ ਕਰੋਨਾ ਜਾਂਚ ਪਿੱਛੋਂ ਨਤੀਜਾ ਆਉਣ ਤੱਕ ਯਾਤਰੀਆਂ ਵੱਲੋਂ ਆਪਣੇ ਖ਼ਰਚੇ ‘ਤੇ ਤਿੰਨ ਦਿਨ ਹੋਟਲ ਵਿੱਚ ਇਕਾਂਤਵਾਸ ਰਹਿਣਾ ਸ਼ਾਮਲ ਹੈ ਜਿਸ ਪਿੱਛੋਂ ਰਿਪੋਰਟ ਨੈਗੇਟਿਵ ਆਉਣ ਉਪਰੰਤ ਯਾਤਰੀ ਆਪਣੇ ਘਰ ਵਿੱਚ ਵੀ ਹੋਟਲ ਵਾਲੇ 3 ਦਿਨਾਂ ਤੋਂ ਬਾਅਦ 11 ਦਿਨ ਵਾਸਤੇ ਇਕਾਂਤਵਾਸ ਹੋਣਗੇ। ਜਦੋਂ ਕਰੋਨਾ ਰਿਪੋਰਟ ਨੈਗੇਟਿਵ ਹੈ ਤਾਂ ਹੋਟਲ ਤੋਂ ਬਾਅਦ ਵਾਲੇ 11 ਦਿਨ ਫਿਰ ਘਰ ‘ਚ ਕੈਦ ਰਹਿਣ ਦੇ ਕੀ ਅਰਥ ਰਹਿ ਜਾਂਦੇ ਹਨ?
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਦਿੱਲੀ ਤੋਂ ਚੜ੍ਹਣ ਵੇਲੇ ਹਰ ਯਾਤਰੀ ਦੀ ਕਰੋਨਾ ਜਾਂਚ ਨੈਗੇਟਿਵ ਆਉਣ ਉਪਰੰਤ ਹੀ ਉਸ ਨੂੰ ਜਹਾਜ਼ ਵਿੱਚ ਚੜ੍ਹਣ ਦਿੱਤਾ ਜਾਂਦਾ ਹੈ ਅਤੇ ਕੈਨੇਡਾ ਉੱਤਰਦਿਆਂ ਦੀ ਹੀ 15 ਘੰਟਿਆਂ ਦੇ ਸਫਰ ਪਿੱਛੋਂ ਜਾਂਚ ਫੇਰ ਕੀਤੀ ਜਾਂਦੀ ਹੈ, ਕੀ ਜਹਾਜ਼ ‘ਚ ਹੀ ਕਰੋਨਾ ਹੋ ਜਾਂਦੈ?
ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਉੱਤਰਦਿਆਂ ਹੀ ਯਾਤਰੀਆਂ ਦੀ ਕਰੋਨਾ ਜਾਂਚ ਪਿੱਛੋਂ ਉਨ੍ਹਾਂ ਤੋਂ ਪਹਿਲਾਂ ਹੀ ਹੋਟਲ ਦਾ ਤਿੰਨ ਦਿਨ ਦਾ ਕਿਰਾਇਆ ਵਸੂਲ ਲਿਆ ਜਾਂਦਾ ਹੈ ਜਦੋਂ ਕਿ ਕਰੋਨਾ ਦੀ ਰਿਪੋਰਟ 12 ਤੋਂ 18 ਘੰਟਿਆਂ ਦਰਮਿਆਨ ਦੇਣ ਉਪਰੰਤ ਯਾਤਰੀ ਨੂੰ ਰਿਪੋਰਟ ਨੈਗੇਟਿਵ ਆਉਣ ਪਿੱਛੋਂ ਘਰ ਜਾਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ ਤਾਂ ਫਿਰ ਹੋਟਲ ‘ਚ ਬਾਕੀ ਸਮੇਂ ਦੀ ਵਸੂਲੀ ਕਿਉਂ ਰੱਖ ਲਈ ਜਾਂਦੀ ਹੈ। ਇੱਕ ਦਿਨ ਦੇ ਕਿਰਾਏ ਬਦਲੇ ਤਿੰਨ ਦਿਨ ਦਾ ਕਿਰਾਇਆ ਲਿਆ ਜਾਣਾ ਯਾਤਰੀਆਂ ਦੀਆਂ ਜੇਬਾਂ ‘ਤੇ ਸ਼ਰੇਆਮ ਦੁਪਹਿਰੇ ਡਾਕਾ ਮਾਰਨ ਵਾਲਾ ਕੌੜਾ ਸੱਚ ਹੈ। ਹੋਟਲਾਂ ਵੱਲੋਂ ਦੋ ਦਿਨਾਂ ਦਾ ਕਿਰਾਇਆ ਨਾਜਾਇਜ਼ ਲਿਆ ਜਾ ਰਿਹਾ ਹੈ ਜਦੋਂ ਕਿ ਯਾਤਰੀ ਹੋਟਲ ‘ਚ ਸਿਰਫ ਇੱਕ ਦਿਨ ਹੀ ਰਹਿੰਦਾ ਹੈ।
ਭਰੋਸੇ ਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੀ ਬਹੁਤ ਸਾਰੇ ਹੋਟਲਾਂ ‘ਚ ਯਾਤਰੀਆਂ ਨੂੰ ਕਮਰਾ ਲੈਣ ਲਈ ਕਰੀ ਘੰਟਿਆਂ ਦਾ ਇੰਤਜਾਰ ਵੀ ਕਰਨਾ ਪਿਆ ਹੈ ਜਦੋਂ ਕਿ ਉਨ੍ਹਾਂ ਵੱਲੋਂ ਕਈ ਦਿਨ ਪਹਿਲਾਂ ਕਮਰੇ ਦੀ ਬੁੱਕਿੰਗ ਕੀਤੀ ਗਈ ਹੈ।
ਬੀ ਸੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਇੱਕ ਟੀਵੀ ਇੰਟਰਵਿਊ ‘ਚ ਇਹ ਗੱਲ ਸਪੱਸ਼ਟ ਤੌਰ ‘ਤੇ ਆਖੀ ਹੈ ਕਿ ਕਰੋਨਾ ਕਰਕੇ ਭਾਵੇਂ ਵਪਾਰ ‘ਚ ਇੱਕ ਵੱਡੀ ਖੜੋਤ ਜ਼ਰੂਰ ਆਈ ਹੈ, ਪਰ ਹੋਟਲਾਂ ਨੂੰ ਕਾਫ਼ੀ ਬਿਜ਼ਨਸ ਮਿਲਿਆ ਹੈ। ਵੋਟਾਂ ਲੋਕਾਂ ਤੋਂ ਤੇ ਵਕਾਲਤ ਹੋਟਲਾਂ ਦੀ।
ਦੂਜੀ ਗੱਲ ਹੋਟਲਾਂ ਦੀ ਹੈ। ਹੋਟਲਾਂ ‘ਚ ਇਕਾਂਤਵਾਸ ਹੋਏ ਯਾਤਰੀਆਂ ਦੀ ਖੱਜਲ ਖ਼ੁਆਰੀ ਦਾ ਸੱਚ ਵੀ ਸਾਹਮਣੇ ਆਇਆ ਹੈ। ਹੋਟਲਾਂ ਵੱਲੋਂ ਕਿਰਾਏ ਦੀ ਨਾਜਾਇਜ਼ ਵਸੂਲੀ ਉਪਰੰਤ ਵੀ ਯਾਤਰੀਆਂ ਨੂੰ ਵਧੀਆ ਖਾਣਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਖਾਣਾ ਸਮੇਂ ਸਿਰ ਮਿਲਦਾ ਹੈ ਜਿਸ ਕਰਕੇ ਹੋਟਲਾਂ ‘ਚ ਜ਼ਬਰਦਸਤੀ ਠਹਿਰਾਏ ਗਏ ਯਾਤਰੀਆਂ ਤੋਂ ਹੋਟਲ ਦੇ ਆਮ ਕਿਰਾਏ ਤੋਂ ਕਈ ਗੁਣਾ ਵੱਧ ਕਿਰਾਇਆ ਵਸੂਲ ਕੇ ਵੀ ਵਧੀਆ ਅਤੇ ਸਮੇਂ ਸਿਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਹੋਟਲਾਂ ਵੱਲੋਂ ਯਾਤਰੀਆਂ ਤੋਂ ਇਹ ਕਿਰਾਇਆ ਨਹੀਂ ਲਿਆ ਜਾ ਰਿਹਾ ਸਗੋਂ ਸਰਕਾਰ ਦੀ ਸ਼ਹਿ ‘ਤੇ ਇੱਕ ਤਰਾਂ ਦਾ ਜੁਰਮਾਨਾਂ ਕੀਤਾ ਜਾਂਦਾ ਹੈ ਅਤੇ ਲੁੱਟਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਤੋਂ ਬਾਹਰ ਕਿਉਂ ਗਏ। ਇਸ ਤਰਾਂ ਦੇ ਮਹੌਲ ਵਿੱਚ ਕੈਨੇਡਾ ਪੜ੍ਹਣ ਆ ਰਹੇ ਨਵੇਂ ਵਿਦਿਆਰਥੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਇਸ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਕਿ ਹੋਟਲ ‘ਚ ਯਾਤਰੀਆਂ ਨੂੰ ਠਹਿਰਾਏ ਜਾਣ ਨਾਲੋਂ ਕੋਈ ਹੋਰ ਵਧੀਆ ਪੁੱਖਤਾ ਪ੍ਰਬੰਧ ਕੀਤੇ ਜਾਣ, ਜਿਸ ਨਾਲ ਯਾਤਰੀਆਂ ਦੀਆਂ ਜੇਬਾਂ ‘ਤੇ ਬੋਝ ਨਾ ਪਵੇ ਜਾਂ ਫਿਰ ਯਾਤਰੀ ਜਿੰਨਾਂ ਸਮਾਂ ਹੋਟਲ ‘ਚ ਠਹਿਰੇ, ਉਸ ਕੋਲੋਂ ਓਨੇ ਸਮਾਂ ਦਾ ਹੀ ਬਣਦਾ ਜਾਇਜ਼ ਕਿਰਾਇਆ ਵਸੂਲਿਆ ਜਾਵੇ ਅਤੇ ਦੂਜਾ ਨਵੇਂ ਆ ਰਹੇ ਵਿਦਿਆਰਥੀਆਂ ਲਈ ਇਸ ਸੰਬੰਧੀ ਖ਼ਾਸ ਸਹੂਲਤਾਂ ਹੋਣ ਤਾਂ ਕਿ ਵਿਦਿਆਰਥੀ ਅਣ ਕਿਆਸੀਆਂ ਮੁਸ਼ਕਲਾਂ ਤੋਂ ਬਚ ਸਕਣ ਕਿਉਂਕਿ ਪਹਿਲੀ ਵਾਰ ਆਉਣ ਵਾਲਿਆਂ ਲਈ ਬਹੁਤ ਮੁਸ਼ਕਲ ਹੁੰਦਾ ਹੈ। ਠੀਕ ਹੈ ਕਿ ਕਰੋਨਾ ਵਾਇਰਸ ‘ਤੇ ਕਾਬੂ ਪਾਉਣ ਲਈ ਸਖ਼ਤ ਕਦਮ ਪੁੱਟੇ ਜਾਣੇ ਅਤਿ ਜ਼ਰੂਰੀ ਹਨ, ਪਰ ਇਹ ਜ਼ਰੂਰ ਦੱਸਿਆ ਜਾਵੇ ਕਿ ਹੋਟਲਾਂ ਵੱਲੋਂ ਦੇਣਾ ਘਟੀਆ ਖਾਣਾ ਅਤੇ ਗਲਮੇ ਰਾਹੀਂ ਲਾਹੁਣਾ ਸੁੱਥੂ ਕਿੰਨਾਂ ਕੁ ਜ਼ਰੂਰੀ ਹੈ, ਭਾਵ ਕਿ ਹੋਟਲਾਂ ਵੱਲੋਂ ਨਾਜਾਇਜ਼ ਵਸੂਲੀ।