ਅਨੇਮੀ ਪਾਲ ਵੱਲੋਂ ਗ੍ਰੀਨ ਪਾਰਟੀ ਆਗੂ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜਾ ਰਿਹਾ ਹੈ। ਪਿੱਛੇ ਜਿਹੇ ਹੋਈਆਂ ਫੈਡਰਲ ਚੋਣਾਂ ਵਿੱਚ ਹਾਰਨ ਤੋਂ ਬਾਅਦ ਅਨੇਮੀ ਨੇ ਇਹ ਫੈਸਲਾ ਕੀਤਾ ਹੈ।
ਟੋਰਾਂਟੋ ਸੈਂਟਰ ਹਲਕੇ ਤੋਂ ਆਪਣੀ ਹੀ ਸੀਟ ਜਿੱਤਣ ਵਿੱਚ ਅਸਫਲ ਹੋਣ ਤੋਂ ਬਾਅਦ ਅਨੇਮੀ ਪਾਲ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਗ੍ਰੀਨ ਪਾਰਟੀ ਦੇ ਹਿੱਸੇ ਦੋ ਹੀ ਸੀਟਾਂ ਆਈਆਂ। ਸ਼ਾਨਿਚ-ਗਲਫ ਆਈਲੈਂਡਜ਼ ਐਮਪੀ ਐਲਿਜ਼ਾਬੈੱਥ ਮੇਅ, ਜਿਸ ਨੇ ਪਾਰਟੀ ਦੀ ਆਗੂ ਵਜੋਂ 2006 ਤੋਂ 2019 ਤੱਕ ਕੰਮ ਕੀਤਾ, 20 ਸਤੰਬਰ ਨੂੰ ਮੁੜ ਚੁਣੀ ਗਈ। ਕਿਚਨਰ ਸੈਂਟਰ ਤੋਂ ਪਾਰਟੀ ਵਿੱਚ ਆਏ ਨਵੇਂ ਚਿਹਰੇ ਮਾਈਕ ਮੌਰਿਸ ਨੂੰ ਵੀ ਜਿੱਤ ਹਾਸਲ ਹੋਈ। ਅਨੇਮੀ ਪਾਲ ਨਨੇਮੋ-ਲੇਡੀਸਮਿੱਥ ਹਲਕੇ ਤੋਂ ਹਾਰੀ।
ਪਾਲ ਨੂੰ ਜਦੋਂ ਈਮੇਲ ਰਾਹੀਂ ਐਤਵਾਰ ਨੂੰ ਲੀਡਰਸਿ਼ਪ ਮੁਲਾਂਕਣ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਪਾਰਟੀ ਦੀ ਅਗਵਾਈ ਕਰਨ ਦਾ ਉਨ੍ਹਾਂ ਕੋਲ ਕੋਈ ਮੌਕਾ ਨਹੀਂ ਹੋਵੇਗਾ। ਅਸਤੀਫਾ ਦੇਣ ਸਬੰਧੀ ਪਾਲ ਨੇ ਆਖਿਆ ਕਿ ਇਹ ਉਨ੍ਹਾਂ ਦੀ ਜਿੰ਼ਦਗੀ ਦਾ ਸੱਭ ਤੋਂ ਮਾੜਾ ਸਮਾਂ ਹੈ। ਪਾਲ ਨੇ ਆਖਿਆ ਕਿ ਉਨ੍ਹਾਂ ਨੇ ਜੋ ਕੁੱਝ ਵੀ ਕੀਤਾ ਹੈ ਉਸ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ।
ਪਾਲ ਨੇ ਇਹ ਵੀ ਆਖਿਆ ਕਿ ਜਦੋਂ ਤੁਸੀਂ ਚੋਣਾਂ ਵਿੱਚ ਕੈਂਪੇਨ ਚਲਾਉਣ ਲਈ ਫੰਡਾਂ ਤੋਂ ਬਿਨਾਂ, ਤੁਹਾਡੀ ਕੈਂਪੇਨ ਲਈ ਸਟਾਫ ਤੋਂ ਬਿਨਾਂ, ਨੈਸ਼ਨਲ ਕੈਂਪੇਨ ਮੈਨੇਜਰ ਤੋਂ ਬਿਨਾਂ, ਤੁਹਾਡੀ ਹੀ ਪਾਰਟੀ ਵੱਲੋਂ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਨਾਲ ਚੋਣ ਲੜਨ ਲਈ ਮੈਦਾਨ ਵਿੱਚ ਉਤਰਦੇ ਹੋ ਤਾਂ ਲੋਕਾਂ ਨੂੰ ਆਪਣੀ ਹੀ ਪਾਰਟੀ ਲਈ ਵੋਟ ਕਰਨ ਲਈ ਮਨਾਉਣ ਵਾਸਤੇ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ।
ਪਾਲ ਨੇ ਗ੍ਰੀਨ ਪਾਰਟੀ ਦੀ ਆਗੂ ਵਜੋਂ ਪਿਛਲੇ ਸਾਲ ਅਕਤੂਬਰ ਵਿੱਚ ਵਾਗਡੋਰ ਸਾਂਭੀ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਥਾਂ ਕੌਣ ਲਵੇਗਾ।