ਓਟਵਾ, ): ਕੈਨੇਡਾ ਦੇ ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਦੀਆਂ ਮਿਲ ਰਹੀਆਂ ਤਸਵੀਰਾਂ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਸੀਜ਼ਨ ਜੰਗਲਾਂ ਦੀ ਅੱਗ ਲਈ ਸੱਭ ਤੋਂ ਮਾੜਾ ਰਹਿਣ ਵਾਲਾ ਹੈ। ਮੌਜੂਦਾ ਭਵਿੱਖਬਾਣੀ ਤੋਂ ਇਹ ਸਾਹਮਣੇ ਆਇਆ ਹੈ ਕਿ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਅੱਗ ਲੱਗਣ ਦੇ ਇਸ ਤਰ੍ਹਾਂ ਦੇ ਮਾਮਲੇ ਆਮ ਨਾਲੋਂ ਜਿ਼ਆਦਾ ਨਜ਼ਰ ਆਉਣਗੇ।
ਸੋਮਵਾਰ ਨੂੰ ਬਿੱਲ ਬਲੇਅਰ ਤੇ ਛੇ ਹੋਰਨਾਂ ਫੈਡਰਲ ਕੈਬਨਿਟ ਮੰਤਰੀਆਂ ਨੇ ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਸਿਟੀ ਦੇ ਉੱਤਰ ਤੇ ਪੱਛਮ ਵਿੱਚ ਲੱਗੀ ਅੱਗ ਤੋਂ ਨਿਕਲਣ ਵਾਲੇ ਧੂੰਏ ਕਾਰਨ ਪਾਰਲੀਆਮੈਂਟ ਹਿੱਲਜ਼ ਦਾ ਪੀਸ ਟਾਵਰ ਵੀ ਗਹਿਰ ਨਾਲ ਢਕ ਗਿਆ ਹੈ।ਬੀਸੀ ਵਾਈਲਡਫਾਇਰ ਸਰਵਿਸ ਨੇ ਦੱਸਿਆ ਕਿ ਡੌਨੀ ਕ੍ਰੀਕ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਹੁਣ 2,400 ਸਕੁਏਅਰ ਕਿਲੋਮੀਟਰ ਵਿੱਚ ਫੈਲ ਚੁੱਕੀ ਹੈ ਤੇ ਪ੍ਰੋਵਿੰਸ ਦੇ ਇਤਿਹਾਸ ਵਿੱਚ ਦੂਜੀ ਸੱਭ ਤੋਂ ਵੱਡੀ ਅੱਗ ਹੈ ਜਦਕਿ ਨੋਵਾ ਸਕੋਸ਼ੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਬੂ ਤੋਂ ਬਾਹਰ ਹੋ ਚੁੱਕੀ ਹੈ।
ਐਨਵਾਇਰਮੈਂਟ ਕੈਨੇਡਾ ਵੱਲੋਂ ਵੀ ਦੱਖਣੀ ਓਨਟਾਰੀਓ ਦੇ ਵੱਡੇ ਹਿੱਸੇ ਲਈ ਏਅਰ ਕੁਆਲਿਟੀ ਬਾਰੇ ਸਪੈਸ਼ਲ ਬਿਆਨ ਜਾਰੀ ਕੀਤਾ ਗਿਆ ਹੈ। ਏਜੰਸੀ ਅਨੁਸਾਰ ਸਥਾਨਕ ਪੱਧਰ ਅਤੇ ਕਿਊਬਿਕ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਹਵਾ ਵਿੱਚ ਪ੍ਰਦੂਸ਼ਣ ਵੱਧ ਗਿਆ ਹੈ। ਇੱਕ ਰਿਪੋਰਟ ਮੁਤਾਬਕ ਕੈਨੇਡਾ ਭਰ ਵਿੱਚ ਇਸ ਸਮੇਂ 424 ਜੰਗਲੀ ਇਲਾਕਿਆਂ ਵਿੱਚ ਅੱਗ ਲੱਗੀ ਹੋਈ ਹੈ ਜਿਸ ਵਿੱਚੋਂ 250 ਥਾਂਵਾਂ ਦੀ ਅੱਗ ਬੇਕਾਬੂ ਹੋ ਚੁੱਕੀ ਹੈ।