ਕੁੱਤੇ ਦੇ ਵੱਢਣ ‘ਤੇ ਹੁਣ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਨੂੰ ਮੁਆਵਜ਼ਾ ਦੇਣਾ ਪਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਿਨੋਦ ਐੱਸ. ਭਾਰਦਵਾਜ ਦੀ ਬੈਂਚ ਨੇ ਪਟੀਸ਼ਨਰਾਂ ਦਾ ਨਿਪਟਾਰਾ ਕਰਦੇ ਹੋਏ ਇਹ ਨਿਰਦੇਸ਼ ਦਿੱਤੇ ਹਨ। 193 ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੇ ਮੁਆਵਜ਼ੇ ਦਾ ਨਿਰਧਾਰਣ ਕਰਨ ਲਈ ਕਮੇਟੀਆਂ ਬਣਾਉਣ ਲਈ ਕਿਹਾ। ਇਹ ਕਮੇਟੀਆਂ ਜ਼ਿਲ੍ਹਿਆਂ ਦੇ ਡੀਸੀਜ਼ ਦੀ ਨੁਮਾਇੰਦਗੀ ‘ਚ ਗਠਿਤ ਕੀਤੀਆਂ ਜਾਣਗੀਆਂ। ਇਨ੍ਹਾਂ ਕਮੇਟੀਆਂ ਨੂੰ ਅਰਜ਼ੀਆਂ ਰਿਸੀਵ ਹੋਣ ਤੇ ਜਾਂਚ ਤੋਂ ਬਾਅਦ 4 ਮਹੀਨਿਆਂ ਦੇ ਅੰਦਰ-ਅੰਦਰ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਪਵੇਗੀ।
ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕੁੱਤੇ ਦੇ ਵੱਢਣ ਸੰਬੰਧੀ ਮਾਮਲੇ ‘ਚ ਵਿੱਤੀ ਮਦਦ 10,000 ਰੁਪਏ ਪ੍ਰਤੀ ਦੰਦ ਦੇ ਨਿਸ਼ਾਨ ‘ਤੇ ਹੋਵੇਗੀ। ਜੇ ਮਾਸ ਖਿੱਚ ਲਿਆ ਗਿਆ ਹੈ ਤਾਂ ਘੱਟੋ-ਘੱਟ 20,000 ਰੁਪਏ 0.2 ਸੈਂਟੀਮੀਟਰ ਜ਼ਖ਼ਮੀ ‘ਤੇ ਦੇਣਾ ਪਵੇਗਾ। ਹਾਈ ਕੋਰਟ ਨੇ ਕਿਹਾ ਕੀ ਸੂਬੇ ਮੁੱਖ ਤੌਰ ‘ਤੇ ਭੁਗਤਾਨ ਲਈ ਜ਼ਿੰਮੇਵਾਰ ਹੋਵੇਗਾ।
ਕੁੱਤੇ ਦੇ ਵੱਢਣ ਤੋਂ ਫੌਰੀ ਬਾਅਦ ਕਰੋ ਇਹ ਕੰਮ
ਜ਼ਖ਼ਮ ਭਾਵੇਂ ਕਿੰਨਾ ਵੀ ਮਾਮੂਲੀ ਜਿਹਾ ਲੱਗ ਰਿਹਾ ਹੋਵੇ, ਇਹ ਗੰਭੀਰ ਲਾਗ ਦੀ ਸੰਭਾਵਨਾ ਨੂੰ ਘੱਟ ਨਹੀਂ ਕਰਦਾ। ਇਹ ਘਾਤਕ ਵੀ ਸਾਬਿਤ ਹੋ ਸਕਦਾ ਹੈ। ਇਸ ਲਈ ਘਰ ਆਉਣ ਤੋਂ ਬਾਅਦ ਜ਼ਖ਼ਮ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ ਅਤੇ 5 ਤੋਂ 10 ਮਿੰਟ ਲਈ ਕੋਸੇ ਪਾਣੀ ਦੇ ਹੇਠਾਂ ਰੱਖੋ। ਫਿਰ ਇਸ ਨੂੰ ਸੁਕਾ ਲਓ।
– ਜੇ ਖੂਨ ਵਹਿ ਰਿਹਾ ਹੈ, ਤਾਂ ਖੂਨ ਵਹਿਣ ਨੂੰ ਰੋਕਣ ਲਈ ਜ਼ਖ਼ਮ ਨੂੰ ਸਾਫ਼ ਕੱਪੜੇ ਨਾਲ ਦਬਾਓ।
– ਡੈਟੋਲ ਜਾਂ ਸੈਵਲਨ ਵਰਗੇ ਐਂਟੀਸੈਪਟਿਕ ਘੋਲ ਨਾਲ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਿਰ ਜੇ ਤੁਹਾਡੇ ਕੋਲ ਘਰ ਵਿਚ ਬੀਟਾਡੀਨ ਮੱਲ੍ਹਮ ਹੈ, ਤਂ ਉਹ ਲਗਾਓ।
– ਇਸ ਤੋਂ ਬਾਅਦ ਜ਼ਖ਼ਮ ਨੂੰ ਸਾਫ਼ ਪੱਟੀ ਨਾਲ ਬੰਨ੍ਹ ਲਓ।
– ਹੁਣ ਕਿਸੇ ਡਾਕਟਰ ਨੂੰ ਮਿਲੋ ਤਾਂ ਜੋ ਉਹ ਤੁਹਾਡੇ ਜ਼ਖ਼ਮ ਨੂੰ ਦੇਖ ਸਕੇ ਅਤੇ ਉਸ ਦੇ ਸਹੀ ਇਲਾਜ ਦੀ ਸਲਾਹ ਦੇਵੇ।
– ਡਾਕਟਰ ਤੁਹਾਨੂੰ ਟੈਟਨਸ ਅਤੇ ਰੇਬੀਜ਼ ਲਈ ਟੀਕਾ ਲਗਾਏਗਾ। ਰੇਬੀਜ਼ ਦੀਆਂ ਸਾਰੀਆਂ ਖੁਰਾਕਾਂ ਲੈਣਾ ਨਾ ਭੁੱਲੋ, ਨਹੀਂ ਤਾਂ ਰੇਬੀਜ਼ ਦਾ ਖਤਰਾ ਬਣਿਆ ਰਹੇਗਾ।
– ਜਦੋਂ ਕੋਈ ਕੁੱਤਾ ਵੱਢਦਾ ਹੈ, ਤਾਂ ਅਕਸਰ ਜ਼ਖ਼ਮ ਵਿੱਚੋਂ ਪਸ ਨਿਕਲਦੀ ਹੈ, ਇਸ ਲਈ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
– ਜੇ ਜ਼ਖ਼ਮ ਡੂੰਘਾ ਹੈ ਤਾਂ ਜ਼ਖ਼ਮ ਨੂੰ ਦਿਨ ਵਿਚ ਘੱਟੋ-ਘੱਟ ਦੋ ਵਾਰ ਡ੍ਰੈੱਸ ਕਰਨੀ ਜ਼ਰੂਰੀ ਹੈ।
– ਧਿਆਨ ਰੱਖੋ ਕਿ ਜ਼ਖ਼ਮ ਵਿਚ ਕੋਈ ਇਨਫੈਕਸ਼ਨ ਨਾ ਹੋਵੇ। ਜੇ ਖੂਨ ਵਗਣਾ ਬੰਦ ਨਹੀਂ ਹੁੰਦਾ, ਪਸ ਦੇ ਨਾਲ ਲਾਲੀ ਅਤੇ ਸੋਜ਼ ਆ ਜਾਂਦੀ ਹੈ, ਦਰਦ ਵਧਦਾ ਹੈ ਅਤੇ ਬੁਖਾਰ ਚੜ੍ਹਦਾ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।