ਚੰਡੀਗੜ੍ਹ: ਕੇਂਦਰੀ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਖਿਲਾਫ ਕਿਸਾਨ ਅੱਜ ਚੌਥੇ ਦਿਨ ਵੀ ਡਟੇ ਹੋਏ ਹਨ। ਕਿਸਾਨ ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫਤਾਰੀਆਂ ਦੇਣ ਲਈ ਤਿਆਰ ਹਨ ਪਰ ਪੁਲਿਸ ਕਿਸਾਨਾਂ ਦਾ ਮਨੋਬਲ ਡੇਗਣ ਲਈ ਪਰਚੇ ਹੀ ਦਰਜ ਕਰ ਰਹੀ ਹੈ। ਇਸ ਲਈ ਕਿਸਾਨਾਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ।
ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਚੱਲ ਰਹੇ ਹਨ। ਕਿਸਾਨ ਰੋਜ਼ਾਨਾ ਗਲ਼ਾਂ ਵਿੱਚ ਹਾਰ ਪਾ ਕੇ ਗ੍ਰਿਫ਼ਤਾਰੀਆਂ ਦੇਣ ਲਈ ਪੇਸ਼ਕਸ਼ ਕਰ ਰਹੇ ਹਨ ਪਰ ਪੁਲਿਸ ਟਾਲਾ ਵੱਟ ਰਹੀ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਿਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਨੇ ਕਿਹਾ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਗ੍ਰਿਫ਼ਤਾਰ ਕਰਕੇ ਰੱਖਣ ਲਈ ਆਰਜ਼ੀ ਜੇਲ੍ਹਾਂ ਬਣਾਏ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਸਟੇਡੀਅਮਾਂ ਤੇ ਸਕੂਲਾਂ ਨੂੰ ਆਰਜ਼ੀ ਜੇਲ੍ਹਾਂ ਵਿੱਚ ਤਬਦੀਲ ਕਰਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰੇ।
ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰੇ। ਡਾ.ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਤੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ। ਮਜ਼ਦੂਰਾਂ ਦੇ ਘਰਾਂ ’ਤੇ ਛਾਪੇ ਮਾਰਨੇ ਬੰਦ ਕੀਤੇ ਜਾਣ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੇਲ੍ਹ ਭਰੋ ਅੰਦੋਲਨ ਵਿੱਚ ਕੁੱਦੇ ਕਿਸਾਨਾਂ ’ਤੇ ਦਰਜ ਪੁਲਿਸ ਕੇਸ ਫੌਰੀ ਰੱਦ ਕਰੇ। ਉਨ੍ਹਾਂ ਦੱਸਿਆ ਕਿ 15 ਮਾਰਚ ਤੋਂ 20 ਮਾਰਚ ਤੱਕ ਪਿੰਡ ਬਾਦਲ ਤੇ ਪਟਿਆਲਾ ਵਿੱਚ ਕਿਸਾਨ ਮੋਰਚਾ ਲੱਗੇਗਾ ਜਿਸ ਵਿੱਚ ਕਿਸਾਨ ਪਰਿਵਾਰਾਂ ਸਮੇਤ ਰਾਸ਼ਨ ਲੈ ਕੇ ਪੁੱਜਣਗੇ।