ਵਾਸਿ਼ੰਗਟਨ, : ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਕਿੰਨੀ ਘਾਤਕ ਬਿਮਾਰੀ ਹੈ ਇਸ ਬਾਰੇ ਚੀਨ ਨੇ ਅਸਲ ਜਾਣਕਾਰੀ ਲੁਕਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ ਉਹ ਮੈਡੀਕਲ ਸਪਲਾਈਜ਼ ਨੂੰ ਜਮ੍ਹਾਂ ਕਰ ਸਕੇ ਤੇ ਫਿਰ ਹੋਰਨਾਂ ਦੇਸ਼ਾਂ ਨੂੰ ਮਹਿੰਗੇ ਮੱੁਲ ਵੇਚ ਸਕੇ। ਅਮਰੀਕਾ ਵੱਲੋਂ ਇਹ ਦਾਅਵਾ ਖੁਫੀਆ ਦਸਤਾਵੇਜ਼ਾਂ ਦੇ ਅਧਾਰ ਉੱਤੇ ਕੀਤਾ ਜਾ ਰਿਹਾ ਹੈ।
ਪਹਿਲੀ ਮਈ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਕਿ ਚੀਨ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਜਨਵਰੀ ਦੇ ਸ਼ੁਰੂ ਵਿੱਚ ਪੂਰੀ ਦੁਨੀਆਂ ਤੋਂ ਲੁਕਾਇਆ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਨੇ ਚੀਨ ਦੀ ਆਲੋਚਨਾ ਤੇਜ਼ ਕਰ ਦਿੱਤੀ। ਐਤਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਆਖਿਆ ਕਿ ਇਸ ਬਿਮਾਰੀ ਦੇ ਫੈਲਣ ਪਿੱਛੇ ਚੀਨ ਜਿੰ਼ਮੇਵਾਰ ਹੈ ਤੇ ਉਸ ਨੂੰ ਇਸ ਲਈ ਜਵਾਬਦੇਹ ਵੀ ਠਹਿਰਾਇਆ ਜਾਣਾ ਚਾਹੀਦਾ ਹੈ।
ਪਰ ਇਸ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਿਆਸੀ ਵਿਰੋਧੀਆਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਵਾਇਰਸ ਪ੍ਰਤੀ ਸਰਕਾਰ ਦੀ ਪ੍ਰਤੀਕਿਰਿਆ ਕਾਫੀ ਢਿੱਲੀ ਰਹੀ। ਰਾਸ਼ਟਰਪਤੀ ਦੇ ਸਿਆਸੀ ਵਿਰੋਧੀਆਂ ਦਾ ਕਹਿਣਾ ਹੈ ਕਿ ਘਰ ਵਿੱਚ ਨੁਕਤਾਚੀਨੀ ਤੋਂ ਬਚਣ ਤੇ ਆਪਣੀਆਂ ਗਲਤੀਆਂ ੳੱੁਤੇ ਪਰਦਾ ਪਾਉਣ ਲਈ ਟਰੰਪ ਵੱਲੋਂ ਹੁਣ ਜਾਣਬੁਝ ਕੇ ਚੀਨ ਉੱਤੇ ਨਜ਼ਲਾ ਝਾੜਿਆ ਜਾ ਰਿਹਾ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਦੀ ਗੰਭੀਰਤਾ ਨੂੰ ਚੀਨ ਵੱਲੋਂ ਇਸ ਲਈ ਲੁਕਾਇਆ ਗਿਆ ਤਾਂ ਕਿ ਮੈਡੀਕਲ ਸਪਲਾਈਜ਼ ਦੇ ਇੰਪੋਰਟ ਵਿੱਚ ਵਾਧਾ ਕੀਤਾ ਜਾ ਸਕੇ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਜਨਵਰੀ ਦਾ ਮਹੀਨਾ ਕਾਫੀ ਲੰਘ ਜਾਣ ਤੱਕ ਵੀ ਚੀਨ ਨੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੂੰ ਇਸ ਬਾਰੇ ਇਸ ਲਈ ਜਾਣੂ ਨਹੀਂ ਕਰਵਾਇਆ ਤਾਂ ਕਿ ਹੋਰਨਾਂ ਮੁਲਕਾਂ ਤੋਂ ਮੈਡੀਕਲ ਸਪਲਾਈਜ਼, ਜਿਵੇਂ ਕਿ ਫੇਸ ਮਾਸਕਸ, ਸਰਜੀਕਲ ਗਾਊਨਜ਼ ਤੇ ਗਲਵਜ਼ ਦੇ ਆਰਡਰ ਬੱੁਕ ਕਰ ਸਕੇ।
ਟਰੰਪ ਨੇ ਤਾਂ ਇੱਥੋਂ ਤੱਕ ਸ਼ੱਕ ਪ੍ਰਗਟਾਇਆ ਹੈ ਕਿ ਚੀਨ ਦੀ ਕਿਸੇ ਲੈਬ ਵਿੱਚ ਹੋਏ ਹਾਦਸੇ ਤੋਂ ਬਾਅਦ ਹੀ ਇਹ ਮਹਾਮਾਰੀ ਫੈਲੀ ਹੋ ਸਕਦੀ ਹੈ। ਖੁਫੀਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।