ਜੁਆਇੰਟ ਫੋਰਮ ਫਾਰ ਚੰਡੀਗੜ੍ਹ ਇੰਡਸਟਰੀਜ਼ ਦੇ ਬੈਨਰ ਹੇਠ ਚੰਡੀਗੜ੍ਹ ਦੇ ਵਪਾਰਕ ਭਾਈਚਾਰੇ ਦੀਆਂ ਲਗਪਗ ਸਾਰੀਆਂ ਜਥੇਬੰਦੀਆਂ ਨੇ ਲਮੇਂ ਚਿਰਾਂ ਤੋਂ ਲਟਕੀਆਂ ਆਪਣੀਆਂ ਮੰਗ ਨੂੰ ਲੈ ਕੇ ਅੱਜ ਪ੍ਰਸ਼ਾਸਨ ਦੇ ਖ਼ਿਲਾਫ਼ ਹੱਲਾ ਬੋਲਦੇ ਹੋਏ ਰੋਸ ਮਾਰਚ ਕੀਤਾ। ਰੋਸ ਮਾਰਚ ਦੌਰਾਨ ਵਪਾਰੀਆਂ ਨੇ ਮੰਗ ਦਾ ਛੇਤੀ ਹੀ ਕੋਈ ਢੁੱਕਵਾਂ ਕਰਨ ਲਈ ਮੰਗ ਕੀਤੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੇ ਚੰਡੀਗੜ੍ਹ ਬੰਦ ਕਰਨ ਦਾ ਅਲਟੀਮੇਟਮ ਦਿੱਤਾ। ਅੱਜ ਸਵੇਰੇ ਵੱਡੀ ਗਿਣਤੀ ਵਪਾਰੀ ਅਤੇ ਕਾਰੋਬਾਰੀ ਇਥੇ ਟ੍ਰਿਬਿਊਨ ਚੌਕ ਨੇੜੇ ਇਕੱਠੇ ਹੋਏ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਮਾਰਚ ਕੀਤਾ। ਰੋਸ ਮਾਰਚ ਵਿੱਚ ਸ਼ਾਮਲ ਵਪਾਰੀਆਂ ਅਤੇ ਕਾਰੋਬਾਰੀਆਂ ਨੇ ਐਲਾਨ ਕੀਤਾ ਕਿ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਡੰਗ-ਟਪਾਊ ਕੋਰੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ ਤੇ ਹੁਣ ਚੁੱਪ ਨਹੀਂ ਬੈਠਣਗੇ। ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਆਰ ਪਾਰ ਦੀ ਲੜਾਈ ਕਰਨ ਦਾ ਐਲਾਨ ਕਰ ਦਿੱਤਾ।
ਰੋਸ ਮਾਰਚ ਕਰ ਰਹੇ ਵਪਾਰੀਆਂ ਤੇ ਕਾਰੋਬਾਰੀਆਂ ਵਲੋਂ ਸਨਅਤੀ ਖੇਤਰ ਵਿੱਚ ਬੀ-2-ਸੀ ਕਾਰੋਬਾਰ ਦੀ ਇਜਾਜ਼ਤ ਦੇਣ, ਲੀਜ਼ ਹੋਲਡ ਪ੍ਰਾਪਰਟੀ ਨੂੰ ਫ੍ਰੀਹੋਲਡ ਪ੍ਰਾਪਰਟੀ ਕਰਨ, ਵਪਾਰਕ ਅਦਾਰਿਆਂ ਵਿੱਚ ਲੋੜ ਅਨੁਸਾਰ ਤਬਦੀਲੀਆਂ ਦੀ ਇਜ਼ਾਜਤ ਦੇਣ, ਇਮਾਰਤਾਂ ਵਿੱਚ ਐੱਫਏਆਰ ਵਧਾਉਣ ਦੀ ਇਜਾਜਤ ਦੇਣ, ਇੱਕ ਮੁਸ਼ਤ ਸੈਟਲਮੈਂਟ ਯੋਜਨਾ ਲਾਗੂ ਕਰਨ, ਸ਼ਹਿਰ ਵਿੱਚ ਸ਼ੇਅਰ ਵਾਈਜ਼ ਪ੍ਰਾਪਰਟੀ ਦੀ ਰਜਿਸਟਰੇਸ਼ਨ ਖੋਲ੍ਹਣ ਅਤੇ ਸਨਅਤੀ ਖੇਤਰ ਸਥਿਤ ਲਗਪਗ ਤਿੰਨ ਹਜ਼ਾਰ ਛੋਟੇ ਪਲਾਟਾਂ ਲਈ ਵੀ ਕਨਵਰਜ਼ਨ ਪਾਲਿਸੀ ਤਿਆਰ ਕਰਨ ਸਮੇਤ ਹੋਰ ਸਮੱਸਿਆਵਾਂ ਦੇ ਹੱਲ ਕਰਨ ਦੀ ਮੰਗ ਕਰ ਰਹੇ ਹਨ। ਰੋਸ ਪ੍ਰਦਰਸ਼ਨ ਦੌਰਾਨ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਸਮੇਤ ਰਾਜਨੀਤਕ ਪਾਰਟੀਆਂ ਦੇ ਨਮਾਇੰਦਿਆਂ ਨੇ ਰੋਸ ਮਾਰਚ ਕਰ ਰਹੇ ਵਪਾਰੀਆਂ ਅਤੇ ਕਾਰੋਬਾਰੀਆਂ ਦਾ ਸਮਰਥਨ ਕੀਤਾ। ਇਸ ਮਗਰੋਂ ਵਪਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ ਤੇ ਐੱਸਡੀਐੱਮ ਨੇ ਮੰਗਾਂ ਪ੍ਰਸ਼ਾਸਨ ਤੱਕ ਪੁੱਜਦੀਆਂ ਕਰਨ ਦਾ ਭਰੋਸਾ ਦਿੱਤਾ। ਰੋਸ ਪ੍ਰਦਰਸ਼ਨ ਦੌਰਾਨ ਵਪਾਰੀਆਂ ਨੂੰ ਸੂਚਨਾ ਮਿਲੀ ਕਿ ਪ੍ਰਸ਼ਾਸਨ ਦੀ ਸਲਾਹਕਾਰ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਮੁਅੱਤਲ ਕਰ ਦਿੱਤੀ ਹੈ ਅਤੇ ਇਹ ਹੁਣ 14 ਸਤੰਬਰ ਨੂੰ ਬੁਲਾਈ ਜਾਵੇਗੀ, ਜਿਸ ਵਿੱਚ ਵਪਾਰੀਆਂ ਦੀਆਂ ਮੰਗਾਂ ਨੂੰ ਵੀ ਚਰਚਾ ਲਈ ਸ਼ਾਮਲ ਕੀਤਾ ਜਾਵੇਗਾ। ਰੋਸ ਮਾਰਚ ਵਿੱਚ ਸ਼ਹਿਰ ਦੀਆਂ ਵਪਾਰਕ, ਸਨਅਤਕਾਰਾਂ, ਪ੍ਰਾਪਰਟੀ ਕਾਰੋਬਾਰੀਆਂ, ਰੇਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤਾ ਅਤੇ ਆਪਣੇ ਹੱਥ ਵਿੱਚ ਮੰਗਾਂ ਸਬੰਧੀ ਬੈਨਰ ਫੜ੍ਹ ਕੇ ਰੋਸ ਮਾਰਚ ਕੀਤਾ।