ਓਲੰਪਿਕ ਨੇਜ਼ਾ ਸੁੱਟ ਚੈਂਪੀਅਨ ਨੀਰਜ ਚੋਪੜਾ ਨੂੰ ਸਟਾਕਹੋਮ ‘ਚ 30 ਜੂਨ ਨੂੰ ਵੱਕਾਰੀ ਡਾਇਮੰਡ ਲੀਗ ਮੀਟ ਵਿਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਟੂਰਨਾਮੈਂਟ ਨਾਲ ਉਨ੍ਹਾਂ ਨੂੰ ਅਗਲੇ ਮਹੀਨੇ ਅਮਰੀਕਾ ਦੇ ਯੂਜੀਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਬਾਰੇ ਵੀ ਪਤਾ ਲੱਗੇਗਾ। ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ 24 ਸਾਲ ਦੇ ਨੀਰਜ ਨੇ ਇਸ ਸੈਸ਼ਨ ਵਿਚ ਚੰਗੀ ਸ਼ੁਰੂਆਤ ਕੀਤੀ। ਫਿਨਲੈਂਡ ‘ਚ ਕੁਓਰਟੇਨ ਖੇਡਾਂ ਵਿਚ 18ਜ ੂਨ ਨੂੰ ਸੈਸ਼ਨ ਦੀ ਆਪਣੀ ਪਹਿਲੀ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਆਤਮਵਿਸ਼ਵਾਸ ਨਾਲ ਸਵੀਡਨ ਦੀ ਰਾਜਧਾਨੀ ਪੁੱਜਣਗੇ। ਇਸ ਮਹੀਨੇ ਉਨ੍ਹਾਂ ਨੇ ਗ੍ਰੇਨਾਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਦੋ ਵਾਰ ਹਰਾਇਆ ਹੈ।
ਇਸ ਭਾਰਤੀ ਸੁਪਰ ਸਟਾਰ ਨੇ 14 ਜੂਨ ਨੂੰ ਫਿਨਲੈਂਡ ਦੇ ਤੁਰਕੂ ਵਿਚ ਪਾਵੋ ਨੂਰਮੀ ਖੇਡਾਂ ਵਿਚ 89.30 ਮੀਟਰ ਦੇ ਰਾਸ਼ਟਰੀ ਰਿਕਾਰਡ ਥ੍ਰੋਅ ਨਾਲ ਸੈਸ਼ਨ ਦੀ ਆਪਣੀ ਪਹਿਲੀ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਸੀ। ਸਟਾਕਹੋਮ ਵਿਚ ਪ੍ਰਤੀਯੋਗੀਆਂ ਦੀ ਸੂਚੀ ਵਿਚ ਪੀਟਰਸ ਦਾ ਨਾਂ ਹੈ ਪਰ ਦੋਹਾ ਡਾਇਮੰਡ ਲੀਗ ਵਿਚ 93.07 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਸੈਸ਼ਨ ਦਾ ਸਰਬੋਤਮ ਪ੍ਰਦਰਸ਼ਨ ਕਰਨ ਵਾਲਾ ਇਹ ਖਿਡਾਰੀ ਲੈਅ ਵਿਚ ਨਹੀਂ ਹੈ। ਚੈੱਕ ਗਣਰਾਜ ਦੇ ਓਲੰਪਿਕ ਸਿਲਵਰ ਮੈਡਲ ਜੇਤੂ ਜੈਕਵ ਵਾਡਲੇਜ ਤੇ ਉਨ੍ਹਾਂ ਦੇ ਹਮਵਤਨ ਵਿਟੇਜਸਲਾਵ ਵੇਸਲੀ ਵੀ ਇੱਥੇ ਚੁਣੌਤੀ ਪੇਸ਼ ਕਰਨਗੇ।
ਮੌਜੂਦਾ ਸੈਸ਼ਨ ਵਿਚ ਇਹ ਪਹਿਲੀ ਵਾਰ ਹੋਵੇਗਾ ਜਦ ਟੋਕੀਓ ਓਲੰਪਿਕ ਦੇ ਤਿੰਨੇ ਮੈਡਲ ਜੇਤੂ ਇਕੱਠੇ ਮੁਕਾਬਲਾ ਕਰਨਗੇ। ਪਾਵੋ ਨੂਰਮੀ ਖੇਡਾਂ ਵਿਚ 89.83 ਮੀਟਰ ਦੀ ਵੱਡੀ ਥ੍ਰੋਅ ਦੇ ਨਾਲ ਗੋਲਡ ਮੈਡਲ ਜਿੱਤਣ ਵਾਲੇ ਫਿਨਲੈਂਡ ਦੇ ਓਲੀਵਰ ਹੇਲੇਂਡਰ ਵੀ ਕੁਓਰਟੇਨ ਖੇਡਾਂ ਨੂੰ ਛੱਡਣ ਤੋਂ ਬਾਅਦ ਵਾਪਸੀ ਕਰ ਰਹੇ ਹਨ। ਇਕ ਹੋਰ ਭਾਰਤੀ ਮੁਰਲੀ ਸ਼੍ਰੀਸ਼ੰਕਰ ਵੀ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੇ ਪਰ ਉਨ੍ਹਾਂ ਦੀ ਲੰਬੀ ਛਾਲ ਚੈਂਪੀਅਨਸ਼ਿਪ ਡਾਇਮੰਡ ਲੀਗ ਪ੍ਰਰੋਗਰਾਮ ਵਿਚ ਸ਼ਾਮਲ ਨਹੀਂ ਹੈ। ਇਸ ਨੂੰ ਇਕ ਵਾਧੂ ਖੇਡ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਹੈ।