ਅਮਰੀਕੀ ਸੰਸਦ ਮੈਂਬਰਾਂ ਨੇ ਮਿਲਵੌਕੀ ਗੁਰਦੁਆਰੇ ਵਿੱਚ 12 ਸਾਲ ਪਹਿਲਾਂ ਹੋਏ ਹੱਤਿਆਕਾਂਡ ਵਿੱਚ ਮਾਰੇ ਗਏ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਕੱਟੜਵਾਦ ਨੂੰ ਨਕਾਰਨ ਅਤੇ ਨਫਰਤ ਤੇ ਨਸਲਵਾਦ ਖ਼ਿਲਾਫ਼ ਲੜਨ ਲਈ ਵਚਨਬੱਧਤਾ ਦੁਹਰਾਉਂਦੇ ਹੋਏ ਅਮਰੀਕਾ ਵਿੱਚ ਬੰਦੂਕ ਰਾਹੀਂ ਹੋਣ ਵਾਲੀ ਹਿੰਸਾ ਦੇ ਰੁਝਾਨ ਨੂੰ ਖ਼ਤਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਦੇ ਤਰਜਮਾਨ ਨੇਟ ਈਵਾਨਸ ਵੱਲੋਂ ਸੋਮਵਾਰ ਨੂੰ ਇੱਥੇ ਜਾਰੀ ਇਕ ਬਿਆਨ ਮੁਤਾਬਕ, ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥੌਮਸ-ਗਰੀਨਫੀਲਡ ਨੇ ‘ਅਮਰੀਕੀ ਧਰਤੀ ’ਤੇ ਸਿੱਖਾਂ ਦੀ ਸਭ ਤੋਂ ਘਾਤਕ ਨਸਲਕੁਸ਼ੀ’ ਦੀ 12ਵੀਂ ਬਰਸੀ ਮੌਕੇ ਵਿਸਕੋਨਸਿਨ ਸ਼ਹਿਰ ਵਿੱਚ ਓਕ ਕਰੀਕ ਸਿੱਖ ਗੁਰਦੁਆਰੇ ਦਾ ਦੌਰਾ ਕੀਤਾ। ਇੱਥੇ 12 ਸਾਲ ਪਹਿਲਾਂ ਇਕ ਗੋਰੇ ਵਿਅਕਤੀ ਨੇ ਸਿੱਖ ਭਾਈਚਾਰੇ ਦੇ ਸੱਤ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਬਿਆਨ ਵਿੱਚ ਕਿਹਾ ਗਿਆ, ‘‘ਰਾਜਦੂਤ ਨੇ ਪੀੜਤਾਂ ਦੇ ਪਰਿਵਾਰਾਂ, ਭਾਈਚਾਰੇ ਦੇ ਮੈਂਬਰਾਂ ਅਤੇ ਗੁਰਦੁਆਰੇ ਦੇ ਸੇਵਾਦਾਰਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਹਾਸ਼ੀਆਗਤ ਭਾਈਚਾਰਿਆਂ ਜਾਂ ਫਿਰਕਿਆਂ ਵਿਰੁੱਧ ਨਫ਼ਰਤ ਖ਼ਿਲਾਫ਼ ਲੜਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਕੀਤੀ।’’ ਥੌਮਸ-ਗਰੀਨਫੀਲਡ ਨੇ ਧਾਰਮਿਕ ਆਜ਼ਾਦੀ ਨੂੰ ਬੜ੍ਹਾਵਾ ਦੇਣ ਲਈ ਬਾਇਡਨ-ਹੈਰਿਸ ਪ੍ਰਸ਼ਾਸਨ ਅਤੇ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨੂੰ ਦੁਹਰਾਇਆ।