ਭਾਰਤੀ ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਐੱਫਆਈਐੱਚ ਹਾਕੀ ਸਟਾਰਸ ਐਵਾਰਡਜ਼ 2021-22 ਲਈ ਸਾਲ ਦੇ ਸਰਬੋਤਮ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਪੰਜ ਖਿਡਾਰੀਆਂ ਵਿਚ ਚੁਣਿਆ ਗਿਆ ਹੈ ਜਦਕਿ ਪੀਆਰ ਸ਼੍ਰੀਜੇਸ਼ ਤੇ ਸਵਿਤਾ ਪੂਨੀਆ ਨੂੰ ਕ੍ਰਮਵਾਰ ਸਰਬੋਤਮ ਮਰਦ ਤੇ ਮਹਿਲਾ ਗੋਲਕੀਪਰਾਂ ਲਈ ਨਾਮਜ਼ਦ ਕੀਤਾ ਗਿਆ ਹੈ। ਐੱਫਆਈਐੱਚ ਮਰਦ ਪਲੇਅਰ ਆਫ ਦ ਯੀਅਰ ਪੁਰਸਕਾਰ ਲਈ ਭਾਰਤੀ ਟੀਮ ਦੇ ਉੱਪ ਕਪਤਾਨ ਹਰਮਨਪ੍ਰੀਤ ਨੂੰ ਬੈਲਜੀਅਮ ਦੇ ਦੋ ਖਿਡਾਰੀਆਂ ਆਰਥਰ ਡੀ ਸਲੂਵਰ ਤੇ ਟਾਮ ਬੂਨ ਤੇ ਜਰਮਨੀ ਦੇ ਨਿਕਲਾਸ ਵੇਲੇਨ ਤੇ ਨੀਦਰਲੈਂਡ ਦੇ ਥਿਏਰੀ ਬਿ੍ੰਕਮੈਨ ਦੇ ਨਾਲ ਚੁਣਿਆ ਗਿਆ। ਐੱਫਆਈਐੱਚ ਮਹਿਲਾ ਪਲੇਅਰ ਆਫ ਦ ਪੁਰਸਕਾਰ ਲਈ ਖਿਡਾਰੀਆਂ ਦੀ ਸੂਚੀ ਵਿਚ ਕੋਈ ਭਾਰਤੀ ਸ਼ਾਮਲ ਨਹੀਂ ਹੈ। ਹਰਮਨਪ੍ਰੀਤ ਨੇ ਪਿਛਲੇ ਸਾਲ ਵੀ ਇਹ ਪੁਰਸਕਾਰ ਜਿੱਤਿਆ ਸੀ। ਮਰਦ ਟੀਮ ਦੇ ਕੋਚ ਗ੍ਰਾਹਮ ਰੀਡ, ਸ਼੍ਰੀਜੇਸ਼ ਤੇ ਸਵਿਤਾ ਨੇ ਪਿਛਲੇ ਸਾਲ ਵੀ ਪੁਰਸਾਕਰ ਜਿੱਤੇ ਸਨ। ਰੀਡ ਤੇ ਯਾਨੇਕੇ ਸ਼ਾਪਮੈਨ ਨੂੰ ਕ੍ਰਮਵਾਰ ਸਾਲ ਦੇ ਸਰਬੋਤਮ ਮਰਦ ਤੇ ਮਹਿਲਾ ਕੋਚ ਦੇ ਪੁਰਸਕਾਰ ਦੀ ਸੂਚੀ ਵਿਚ ਨਾਮਜ਼ਦ ਕੀਤਾ ਗਿਆ ਹੈ ਜਦਕਿ ਮੁਮਤਾਜ਼ ਖ਼ਾਨ ਤੇ ਸੰਜੇ ਨੂੰ ਕ੍ਰਮਵਾਰ ਮਹਿਲਾ ਤੇ ਮਰਦ ਵਰਗ ਵਿਚ ਸਾਲ ਦੇ ਉੱਭਰਦੇ ਹੋਏ ਖਿਡਾਰੀ ਲਈ ਨਾਮਜ਼ਦ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਨੇ ਕਿਹਾ ਕਿ ਖਿਡਾਰੀ, ਕੋਚ ਮੀਡੀਆ ਤੇ ਪ੍ਰਸ਼ੰਸਕ ਇਨ੍ਹਾਂ ਵਰਗਾਂ ਵਿਚ ਮੰਗਲਵਾਰ ਤੋਂ 30 ਸਤੰਬਰ ਤਕ ਆਨਲਾਈਨ ਆਪਣੀ ਵੋਟ ਕਰ ਸਕਦੇ ਹਨ। ਸਾਰੇ ਵਰਗਾਂ ਦੇ ਜੇਤੂਆਂ ਦਾ ਐਲਾਨ ਅਕਤੂਬਰ ਦੇ ਸ਼ੁਰੂ ਵਿਚ ਕੀਤਾ ਜਾਵੇਗਾ। ਨਾਲ ਹੀ ਸਾਲ ਦੇ ਸਰਬੋਤਮ ਅੰਪਾਇਰ (ਮਰਦ ਤੇ ਮਹਿਲਾ ਵਰਗ) ਲਈ ਚੋਣ ਐੱਫਆਈਐੱਚ ਅਧਿਕਾਰਕ ਕਮੇਟੀ ਵੱਲੋਂ ਕੀਤੀ ਜਾਵੇਗੀ। ਨਵੀਂ ਮਤਦਾਨ ਪ੍ਰਕਿਰਿਆ ਵਿਚ ਇਕ ਮਾਹਿਰ ਗਰੁੱਪ ਸ਼ਾਮਲ ਹੈ ਜਿਨ੍ਹਾਂ ਦੇ ਕੁੱਲ ਨਤੀਜੇ ਵਿਚ 40 ਫ਼ੀਸਦੀ ਤੇ ਰਾਸ਼ਟਰੀ ਸੰਘ (ਜਿਨ੍ਹਾਂ ਦੀ ਨੁਮਾਇੰਦਗੀ ਰਾਸ਼ਟਰੀ ਟੀਮ ਦੇ ਕਪਤਾਨ ਤੇ ਕੋਚ ਕਰਨਗੇ) ਦੇ ਵੋਟਾਂ ਦੀ 20 ਫ਼ੀਸਦੀ ਹਿੱਸੇਦਾਰੀ ਹੋਵੇਗੀ ਜਦਕਿ ਪ੍ਰਸ਼ੰਸਕ ਤੇ ਹੋਰ ਖਿਡਾਰੀ (20 ਫ਼ੀਸਦੀ), ਮੀਡੀਆ (20 ਫ਼ੀਸਦੀ) ਬਚੇ ਹੋਏ 40 ਫ਼ੀਸਦੀ ਨੂੰ ਪੂਰਾ ਕਰਨਗੇ ਜਦਕਿ ਆਖ਼ਰੀ ਸੂਚੀ ਇਕ ਮਾਹਿਰ ਗਰੁੱਪ ਵੱਲੋਂ ਤਿਆਰ ਕੀਤੀ ਜਾਵੇਗੀ ਜਿਸ ਵਿਚ ਖਿਡਾਰੀ ਸਾਬਕਾ ਖਿਡਾਰੀ, ਕੋਚ ਤੇ ਹਰੇਕ ਮਹਾਦੀਪ ਮਹਾਸੰਘ ਵੱਲੋਂ ਚੁਣੇ ਅਧਿਕਾਰੀ ਸ਼ਾਮਲ ਹੋਣਗੇ।