ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਦੇ 2000 ਡਾਲਰ ਹਾਸਲ ਕਰਨ ਵਾਲੇ ਬਜ਼ੁਰਗਾਂ (ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਬਜ਼ੁਰਗਾਂ) ਨੂੰ ਇਨਕਮ ਸਪਲੀਮੈਂਟ ਤੋਂ ਹੱਥ ਧੋਣੇ ਪੈਣਗੇ।
ਬ੍ਰਿਟਿਸ਼ ਕੋਲੰਬੀਆ ਦੇ 65 ਸਾਲਾ ਕ੍ਰਿਸ ਸੈ਼ਰਲੌਕ, ਜੋ ਕਿ ਦੋ ਦਹਾਕਿਆਂ ਤੋਂ ਰੁੱਖ ਉਗਾਉਣ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਵੱਲੋਂ ਕੋਈ ਪੈਨਸ਼ਨ ਵੀ ਨਹੀਂ ਮਿਲਣੀ ਤੇ ਉਨ੍ਹਾਂ ਦਾ ਕੰਮ ਵੀ ਠੇਕੇ ਉੱਤੇ ਹੈ। ਉਨ੍ਹਾਂ ਆਖਿਆ ਕਿ ਇਹ ਖਬਰ ਉਨ੍ਹਾਂ ਨੂੰ ਵੱਡਾ ਝਟਕਾ ਦੇਣ ਵਾਲੀ ਹੈ।ਉਨ੍ਹਾਂ ਆਖਿਆ ਕਿ ਕਿਸੇ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਸੀ ਕਿ ਸੀ ਈ ਆਰ ਬੀ ਦੀ ਥੋੜ੍ਹੀ ਜਿਹੀ ਮਦਦ ਕਰਨ ਬਦਲੇ ਉਨ੍ਹਾਂ ਦਾ ਇਨਕਮ ਸਪਲੀਮੈਂਟ ਹਮੇਸ਼ਾਂ ਲਈ ਬੰਦ ਹੋ ਜਾਵੇਗਾ। ਸਿਰਫ ਸ਼ੈਰਲੌਕ ਹੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਨਹੀਂ ਕਰ ਰਹੇ ਸਗੋਂ ਉਨ੍ਹਾਂ ਵਰਗੇ ਕਈ ਹੋਰ ਬਜ਼ੁਰਗਾਂ ਨਾਲ ਵੀ ਇਹੋ ਸੱਭ ਹੋ ਰਿਹਾ ਹੈ।
ਐਨਡੀਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਕਈ ਲੋਕਾਂ ਦੇ ਫੋਨ ਆ ਰਹੇ ਹਨ, ਜਿਨ੍ਹਾਂ ਨੂੰ ਮਹਾਂਮਾਰੀ ਦੇ ਬੈਨੇਫਿਟਸ ਦੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਦੀ ਮਹੀਨਾਵਾਰੀ ਸਰਕਾਰੀ ਪੇਅਮੈਂਟ ਵੀ ਰੋਕ ਦਿੱਤੀ ਗਈ। ਤਿੰਨ ਕੈਬਨਿਟ ਮੰਤਰੀਆਂ ਨੂੰ ਲਿਖੇ ਪੱਤਰ ਵਿੱਚ ਐਨਡੀਪੀ ਐਮ ਪੀ ਡੈਨੀਅਲ ਬਲੇਕੀ ਨੇ ਲਿਖਿਆ ਕਿ ਕਈ ਸੀਨੀਅਰਜ਼, ਜਿਨ੍ਹਾਂ ਨੂੰ ਸੀਈਆਰਬੀ ਤੇ ਕੈਨੇਡਾ ਰਿਕਵਰੀ ਬੈਨੇਫਿਟ ਹਾਸਲ ਹੁੰਦੇ ਸੀ, ਨਾ ਤਾਂ ਗਾਰੰਟੀਸ਼ੁਦਾ ਇਨਕਮ ਸਪਲੀਮੈਂਟ ਲਈ ਕੁਆਲੀਫਾਈ ਨਹੀਂ ਕਰਦੇ ਤੇ ਜਾਂ ਫਿਰ ਉਸ ਵਿੱਚ ਕਾਫੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ।
ਇੱਕ ਇੰਟਰਵਿਊ ਵਿੱਚ ਬਲੇਕੀ ਨੇ ਆਖਿਆ ਕਿ ਇਨ੍ਹਾਂ ਬਜ਼ੁਰਗਾਂ ਕੋਲ ਮਹੀਨੇ ਦੇ ਅੰਤ ਤੱਕ ਆਪਣੇ ਬਿੱਲ ਭਰਨ ਦੇ ਪੈਸੇ ਵੀ ਨਹੀਂ ਹੋਣਗੇ।ਕੈਨੇਡਾ ਦੇ ਗਰੀਬ ਬਜ਼ੁਰਗਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਸਹੀ ਨਹੀਂ ਹੈ। ਬਲੇਕੀ ਵੱਲੋਂ ਇਸ ਸਮੱਸਿਆ ਦਾ ਫੌਰੀ ਹੱਲ ਕੱਢਣ ਦੀ ਮੰਗ ਕੀਤੀ ਗਈ। ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਫੈਡਰਲ ਸਰਕਾਰ ਇਸ ਸਬੰਧ ਵਿੱਚ ਆਪਣੀ ਪਹੁੰਚ ਬਦਲੇਗੀ ਤੇ ਬਜ਼ੁਰਗਾਂ ਦਾ ਖਿਆਲ ਰੱਖੇਗੀ।