ਨਵੀਂ ਦਿੱਲੀ- ਫਿਲਮੀ ਹੀਰੋਇਨ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਪਿੱਛੋਂ ਟਵਿੱਟਰ ਨੇ ਬੰਗਾਲ ਹਿੰਸਾ ਬਾਰੇ ਸਖਤ ਪ੍ਰਤੀਕ੍ਰਿਆ ਕਾਰਨ ਉਸ ਦਾ ਖਾਤਾ ਸਦਾ ਲਈ ਸਸਪੈਂਡ ਕਰ ਦਿੱਤਾ ਸੀ। ਫਿਰ ਕੰਗਣਾ ਇੰਸਟਾਗ੍ਰਾਮ ਉੱਤੇ ਐਕਟਿਵ ਹੋ ਗਈ, ਪਰ ਅੱਜ ਉਸ ਦਾ ਅਕਾਊਂਟ ਇੰਸਟਾਗ੍ਰਾਮ ਦੇ ਪ੍ਰਬੰਧਕਾਂ ਦੀ ਵੀ ਦਾੜ੍ਹ ਹੇਠ ਆ ਗਿਆ ਹੈ।
ਪਿਛਲੇ ਦਿਨੀਂ ਕੰਗਨਾ ਨੇ ਕੋਰੋਨਾ ਨੂੰ ਲਲਕਾਰਦੇ ਹੋਏ ਆਪਣੇ ਖੁਦ ਦੇ ਪਾਜ਼ੀਟਿਵ ਹੋਣ ਦੀ ਖਬਰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ, ਜਿਸ ਨੂੰ ਇੰਸਟਾਗ੍ਰਾਮ ਨੇ ਡਿਲੀਟ ਕਰ ਦਿੱਤਾ ਹੈ। ਪੋਸਟ ਮਿਟਾਏ ਜਾਣ ਪਿੱਛੋਂ ਕੰਗਨਾ ਨੇ ਭੜਾਸ ਕੱਢੀ ਹੈ। ਉਸ ਨੇ ਸ਼ਨੀਵਾਰ (8 ਮਈ) ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਦੇ ਨਾਲ ਇਸ ਨੂੰ ਮਾਮੂਲੀ ਫਲੂ ਦੱਸ ਕੇ ਕਿਹਾ ਸੀ, ‘ਮੈਨੂੰ ਪਤਾ ਹੈ, ਮੈਂ ਇਸ ਨੂੰ ਖਤਮ ਕਰ ਦੇਵਾਂਗੀ’। ਜਦੋਂ ਉਸ ਦੀ ਇਸ ਪੋਸਟ ਉੱਤੇਨਵਾਂ ਵਿਵਾਦ ਹੋਇਆ ਤਾਂ ਇੰਸਟਾਗ੍ਰਾਮ ਨੇ ਸਖਤ ਕਦਮ ਚੁੱਕਿਆ ਅਤੇ ਇਸ ਪੋਸਟ ਨੂੰ ਮਿਟਾ ਦਿੱਤਾ।
ਕੰਗਨਾ ਨੇ ਆਪਣੀ ਤਾਜ਼ਾ ਇੰਸਟਾ ਸਟੋਰੀ ਉੱਤੇ ਆਪਣੀ ‘ਮਨ ਕੀ ਬਾਤ’ ਸ਼ੇਅਰਕਰਨ ਦੇ ਨਾਲ ਲਿਖਿਆ ਹੈ ਕਿ‘ਇੰਸਟਾਗ੍ਰਾਮ ਨੇ ਮੇਰੀ ਪੋਸਟ ਮਿਟਾ ਦਿੱਤੀ ਹੈ, ਜਿਸ ਵਿੱਚ ਮੈਂ ਕੋਵਿਡ ਨੂੰ ਖਤਮ ਕਰ ਦੇਣ ਦੀ ਧਮਕੀ ਦਿੱਤੀ ਸੀ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ, ਮਤਲਬ ਕਿ ਅੱਤਵਾਦੀਆਂ ਅਤੇ ਕਮਿਊਨਿਸਟਾਂ ਨਾਲ ਹਮਦਰਦੀ ਰੱਖਣ ਵਾਲਾ ਸੁਣਿਆ ਸੀ ਟਵਿੱਟਰ ਉੱਤੇ, ਪਰ ਕੋਵਿਡ ਫੈਨ ਕਲੱਬ ਕਮਾਲ ਹੈ। ਇੰਸਟਾ ਉੱਤੇ ਦੋ ਦਿਨ ਹੋਏ ਹਨ, ਪਰ ਲੱਗਦਾ ਨਹੀਂ ਕਿ ਇਥੇ ਇਕ ਹਫਤੇ ਤੋਂ ਜਿ਼ਆਦਾ ਟਿਕ ਸਕਾਂਗੀ।’