ਕੈਲਗਰੀ,: ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਡਾਕਟਰ ਦਾ ਕਹਿਣਾ ਹੈ ਕਿ ਕੈਨੇਡਾ ‘ਚ ਕੋਵਿਡ-19 ਦੇ ਕੇਸ ਹੌਲੀ-ਹੌਲੀ ਮੁੜ ਰਫ਼ਤਾਰ ਫੜਨ ਲੱਗੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਡਾ. ਥੇਰੇਸਾ ਨੇ ਕਿਹਾ ਕਿ ਪਿਛਲੇ ਹਫ਼ਤੇ 390 ਤੋਂ 435 ਦੇ ਕਰੀਬ ਕੋਰੋਨਾ ਦੇ ਕੇਸ ਆ ਰਹੇ ਸਨ ਜਿਸ ਦੇ ਮੁਕਾਬਲੇ ਇਸ ਹਫ਼ਤੇ ਰੋਜ਼ਾਨਾ 545 ਤੋਂ ਵੱਧ ਕੇਸ ਆਉਣ ਲੱਗੇ ਹਨ। ਡਾ. ਥੇਰੇਸਾ ਨੇ ਕਿਹਾ ਇਸ ਹਫ਼ਤੇ ਕੋਰੋਨਾ ਵਾਇਰਸ ਦੇ ਕੇਸਾਂ ‘ਚ 25% ਵਾਧਾ ਹੋ ਰਿਹਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਕੋਰੋਨਾਵਾਇਰਸ ਦੇ ਕੈਨੇਡਾ ਭਰ ‘ਚ ਮੁੜ ਵੱਧ ਰਹੇ ਕੇਸਾਂ ਪ੍ਰਤੀ ਕੈਨੇਡੀਅਨਾਂ ਨੂੰ ਜਾਗਰੂਕ ਹੋਣਾ ਪਵੇਗਾ ਕਿਉਂਕਿ ਹਾਲੇ ਖਤਰਾ ਟਲਿਆ ਨਹੀਂ ਹੈ। ਸਾਨੂੰ ਸਭ ਨੂੰ ਕੋਰੋਨਾਵਾਇਰਸ ਸਬੰਧੀ ਹੈਲਥ ਕੈਨੇਡਾ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਡਾ. ਥੇਰੇਸਾ ਨੇ ਕਿਹਾ ਇਸ ਹਫ਼ਤੇ ਕੈਨੇਡਾ ਭਰ ‘ਚ 3044 ਕੋਰੋਨਾਵਾਇਰਸ ਦੇ ਕੇਸ ਪੌਜੀਟਿਵ ਆਏ ਅਤੇ 44 ਮੌਤਾਂ ਹੋਇਆਂ। ਜਦੋਂ ਕਿ ਇਹ ਅੰਕੜਾ ਪਿਛਲੇ ਹਫ਼ਤੇ 3955 ਪੌਜੀਟਿਵ ਟੈਸਟ ਅਤੇ 28 ਮੌਤਾਂ ਦਾ ਸੀ। ਉਨ੍ਹਾਂ ਕਿਹਾ ਭਾਵੇਂ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਕੋਵਿਡ-19 ਸਬੰਧੀ ਹੈਲਥ ਕੈਨੇਡਾ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਪਰ ਫਿਰ ਵੀ ਲਗਾਤਾਰ ਵੱਧ ਰਹੇ ਕੇਸਾਂ ਨੂੰ ਠੱਲ ਪਾਉਣ ਲਈ ਅਜੇ ਹੋਰ ਕਦਮ ਚੁੱਕਣੇ ਪੈਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਭਰ ‘ਚ ਹੁਣ ਤੱਕ ਕੁਲ 131895 ਕੋਰੋਨਾਵਾਇਰਸ ਦੇ ਕੇਸ ਮਿਲ ਚੁੱਕੇ ਹਨ ਜਿਨ੍ਹਾਂ ‘ਚੋਂ ਕੁਲ 9145 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਕੈਨੇਡਾ ‘ਚ 10 ਵਿਚੋਂ 9 ਵਿਅਕਤੀ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ।
previous post