ਅਮਰੀਕਾ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜਲ ਸੈਨਾ ਹੁਣ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਦੇ ਦਾਖਲੇ ਤੋਂ ਇਨਕਾਰ ਨਹੀਂ ਕਰ ਸਕਦੀ। ਇਹ ਉਨ੍ਹਾਂ ਸਿੱਖਾਂ ਲਈ ਵੱਡੀ ਜਿੱਤ ਹੈ ਜੋ ਅਮਰੀਕੀ ਜਲ ਸੈਨਾ ਵਿਚ ਚੁਣੇ ਜਾਣ ਤੋਂ ਬਾਅਦ ਵੀ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਤਿਆਗ ਕੀਤੇ ਬਿਨਾਂ ਸਿਖਲਾਈ ‘ਚ ਸ਼ਾਮਲ ਨਹੀਂ ਹੋ ਸਕਦੇ ਸੀ। ਦੱਸ ਦੇਈਏ ਕਿ ਅਕਾਸ਼ ਸਿੰਘ, ਜਸਕੀਰਤ ਸਿੰਘ ਤੇ ਮਿਲਾਪ ਸਿੰਘ ਚਹਿਲ ਨਾਂ ਦੇ ਤਿੰਨ ਸਿੱਖ ਨੌਜਵਾਨਾਂ ਨੇ ਅਮਰੀਕੀ ਜਲ ਸੈਨਾ ‘ਚ ਚੁਣੇ ਜਾਣ ਤੋਂ ਬਾਅਦ ਮਰੀਨ ਗਰੂਮਿੰਗ ਰੂਲ ਤੋਂ ਛੋਟ ਮੰਗੀ ਸੀ, ਜਿਸ ਵਿੱਚ ਮਰਦਾਂ ਨੂੰ ਦਾੜ੍ਹੀ ਮੁੰਡਵਾਉਣ ਤੇ ਪੱਗ ਖੋਲ੍ਹਣ ਦੀ ਲੋੜ ਸੀ, ਪਰ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਮਿਲੀ।
ਇਸ ਤੋਂ ਪਹਿਲਾਂ ਦਾੜ੍ਹੀ ਸਮੇਤ ਨਹੀਂ ਕਰ ਸਕਦੇ ਸੀ ਨੇਵੀ ‘ਚ ਐਂਟਰੀ
ਮਰੀਨ ਕਾਰਪਸ ਨੇ ਤਿੰਨ ਸਿੱਖਾਂ ਨੂੰ ਸਪੱਸ਼ਟ ਕਿਹਾ ਕਿ ਉਹ ਸਿਰਫ ਤਾਂ ਹੀ ਕੰਮ ਕਰ ਸਕਦੇ ਹਨ ਜੇਕਰ ਉਹ ਸਿਖਲਾਈ ਤੋਂ ਪਹਿਲਾਂ ਆਪਣੀ ਦਾੜ੍ਹੀ ਕਟਵਾ ਲੈਣ। ਇਸ ਤੋਂ ਬਾਅਦ ਉਨ੍ਹਾਂ ਨੇ ਸਤੰਬਰ ‘ਚ ਅਮਰੀਕੀ ਅਦਾਲਤ ‘ਚ ਅਪੀਲ ਕੀਤੀ। ਫਿਰ ਯੂਐਸ ਕੋਰਟ ਆਫ ਅਪੀਲਜ਼ ਦੇ ਤਿੰਨ ਜੱਜਾਂ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਉੱਥੇ ਹੀ, ਤਿੰਨਾਂ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਐਰਿਕ ਬੈਕਸਟਰ ਨੇ ਟਵੀਟ ਕੀਤਾ, ‘ਅਦਾਲਤ ਨੇ ਹੁਣੇ ਹੀ ਇਹ ਫੈਸਲਾ ਸੁਣਾਇਆ ਹੈ ਕਿ ਅਮਰੀਕੀ ਮਰੀਨ ਕਾਰਪਸ ‘ਚ ਦੇਸ਼ ਦੀ ਸੇਵਾ ਕਰਦੇ ਹੋਏ ਸਿੱਖ ਆਪਣੇ ਧਾਰਮਿਕ ਵਿਸ਼ਵਾਸ ਨੂੰ ਕਾਇਮ ਰੱਖ ਸਕਦੇ ਹਨ। ਹੁਣ ਤਿੰਨ ਸਿੱਖ ਆਪਣੀ ਦਾੜ੍ਹੀ ਰੱਖ ਕੇ ਸਿਖਲਾਈ ਲੈ ਸਕਦੇ ਹਨ। ਇਹ ਧਾਰਮਿਕ ਆਜ਼ਾਦੀ ਦੀ ਵੱਡੀ ਜਿੱਤ ਹੈ – ਸਾਲਾਂ ਤੋਂ ਮਰੀਨ ਕਾਰਪਸ ਦਾੜ੍ਹੀ ਵਾਲੇ ਸਿੱਖਾਂ ਨੂੰ ਚੋਣ ਤੋਂ ਬਾਅਦ ਉਨ੍ਹਾਂ ਨੂੰ ਟ੍ਰੇਨਿੰਗ ‘ਚ ਐਂਟਰੀ ਦੇਣ ਤੋਂ ਰੋਕ ਦਿੰਦਾ ਸੀ, ਹੁਣ ਅਜਿਹਾ ਨਹੀਂ ਹੋਵੇਗਾ।’
ਸਿੱਖ ਧਰਮ ‘ਚ ਹੁੰਦੈ ਕਈ ਨਿਯਮਾਂ ਦਾ ਪਾਲਣ
ਇਸ ਮਾਮਲੇ ‘ਚ ਨੇਵੀ ਦਾ ਮੰਨਣਾ ਹੈ ਕਿ ਦਾੜ੍ਹੀ ਆਰਮੀ ਦੀ ਵਰਦੀ ਤੇ ਨਵੇਂ ਭਰਤੀ ਹੋਣ ਵਾਲਿਆਂ ‘ਚ ਹਾਜ਼ਰੀ ਨੂੰ ਪ੍ਰਭਾਵਤ ਕਰੇਗੀ, ਇਸ ਲਈ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ। ਤੁਹਾਨੂੰ ਦੱਸ ਦੇਈਏ ਕਿ ਸਿੱਖ ਧਰਮ ਵਿਚ ਪੁਰਸ਼ਾਂ ਨੇ ਆਪਣੇ ਵਾਲ਼ ਨਹੀਂ ਕਟਾਉਣੇ ਹੁੰਦੇ ਤੇ ਵੱਡੀ ਦਾੜ੍ਹੀ ਰੱਖਣ ਦੇ ਨਾਲ-ਨਾਲ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਹਾਲਾਂਕਿ, ਯੂਐਸ ਨੇਵੀ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਕਈ ਤਰ੍ਹਾਂ ਦੀ ਛੋਟ ਦਿੰਦਾ ਹੈ।