ਮੈਲਬੌਰਨ – ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਸ਼ਨਿਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ‘ਚ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਵਿਕਟੋਰੀਆ ਪੁਲਿਸ ਤੇ ਛੇ ਅਧਿਕਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਟੈਲੀਵਿਜ਼ਨ ਫੁਟੇਜ ‘ਚ ਦਿਖਾਇਆ ਗਿਆ ਹੈ ਕਿ ਕਈ ਪੁਲਿਸ ਅਧਿਕਾਰੀ ਜ਼ਮੀਨ ‘ਤੇ ਡਿੱਗ ਗਏ ਤੇ ਭੀੜ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਮੈਲਬੌਰਨ ਦੇ ਵੱਖ-ਵੱਖ ਹਿੱਸਿਆਂ ‘ਚ ਚੈੱਕ ਪੁਆਇੰਟ ਤੇ ਬੈਰੀਕੇਡ ਲਗਾ ਕੇ 2000 ਅਧਿਕਾਰੀਆਂ ਨੇ ਪੂਰੇ ਸ਼ਹਿਰ ਨੂੰ ਨੋ ਗੋ ਜ਼ੋਨ ਬਣਾਇਆ ਹੋਇਆ ਸੀ, ਫਿਰ ਵੀ ਕਰੀਬ 700 ਲੋਕ ਜਮ੍ਹਾਂ ਹੋ ਗਏ। ਸ਼ਹਿਰ ‘ਚ ਜਨਤਕ ਵਾਹਨ ਮੁਅੱਤਲ ਸਨ। ਸਿਡਨੀ ‘ਚ ਭੀੜ ਟਾਲਣ ਲਈ ਦੰਗਾ ਵਿਰੋਧੀ ਦਸਤਾ, ਹਾਈਵੇ ਗਸ਼ਤੀ, ਡਿਟੈਕਟਿਵ ਤੇ ਸਾਧਾਰਨ ਡਿਊਟੀ ਪੁਲਿਸ ਨੂੰ ਸੜਕਾਂ ‘ਤੇ ਤਾਇਨਾਤ ਕੀਤਾ ਗਿਆ ਸੀ।