ਲਤਾ ਮੰਗੇਸ਼ਕਰ ਦੇ ਦੇਹਾਂਤ ਤੋਂ ਬਾਅਦ ਮਨੋਰੰਜਨ ਜਗਤ ਤੋਂ ਇਕ ਹੋਰ ਬੁਰੀ ਖ਼ਬਰ ਹੈ। ਮਹਾਭਾਰਤ ਸੀਰੀਅਲ ‘ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ 74 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰੀ ਅਤੇ ਆਰਥਿਕ ਤੰਗੀ ਨਾਲ ਜੂਝ ਰਹੇ ਸਨ। ਉਨ੍ਹਾਂ ਆਪਣੇ ਕੱਦ ਅਤੇ ਮਜ਼ਬੂਤ ਸਰੀਰ ਦੇ ਦਮ ‘ਤੇ ਬਤੌਰ ਖਿਡਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਹਿੰਦੀ ਫਿਲਮਾਂ ਵੱਲ ਰੁਖ਼ ਕੀਤਾ। ਉਨ੍ਹਾਂ ਕਈ ਫਿਲਮਾਂ ‘ਚ ਖਲਨਾਇਕ ਦੀ ਭੂਮਿਕਾ ਨਿਭਾਈ, ਪਰ ਪ੍ਰਸਿੱਧੀ ਮਹਾਭਾਰਤ ਤੋਂ ਮਿਲੀ, ਜਿਸ ਵਿੱਚ ਉਨ੍ਹਾਂ ਭੀਮ ਦੀ ਭੂਮਿਕਾ ਨਿਭਾਈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪ੍ਰਵੀਨ ਕੁਮਾਰ ਨੇ ਆਪਣੇ ਅਦਾਕਾਰੀ ਕਰੀਅਰ ‘ਚ ਅਮਿਤਾਭ ਬੱਚਨ ਅਤੇ ਜਤਿੰਦਰ ਵਰਗੇ ਸੁਪਰਸਟਾਰਾਂ ਨਾਲ ਵੀ ਕੰਮ ਕੀਤਾ ਹੈ।
Praveen Kumar ਦੀ ਪਹਿਲੀ ਫਿਲਮ 1981 ‘ਚ ਬਣੀ ਰਕਸ਼ਾ ਸੀ। ਇਸੇ ਸਾਲ ਉਨ੍ਹਾਂ ਦੀ ਦੂਜੀ ਫਿਲਮ ਮੇਰੀ ਆਵਾਜ਼ ਸੁਣੋ ਵੀ ਆਈ। ਇਨ੍ਹਾਂ ਦੋਵਾਂ ਫਿਲਮਾਂ ‘ਚ ਜਤਿੰਦਰ ਉਨ੍ਹਾਂ ਦੇ ਨਾਲ ਸਨ। ਉਹ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ ‘ਸ਼ਹਿਨਸ਼ਾਹ’ ‘ਚ ਵੀ ਕੰਮ ਕਰ ਚੁੱਕੇ ਹਨ। ਪ੍ਰਵੀਨ ਨੇ ਚਾਚਾ ਚੌਧਰੀ ਸੀਰੀਅਲ ਵਿੱਚ ਵੀ ਸਾਬੂ ਦੀ ਭੂਮਿਕਾ ਨਿਭਾਈ ਸੀ।
ਜਾਣੋ ਉਨ੍ਹਾਂ ਬਾਰੇ ਵਿਸਥਾਰ ਨਾਲ
ਅਦਾਕਾਰੀ ਦੇ ਪੇਸ਼ੇ ‘ਚ ਆਉਣ ਤੋਂ ਪਹਿਲਾਂ ਪ੍ਰਵੀਨ ਕੁਮਾਰ ਇਕ ਡਿਸਕਸ ਥਰੋਅ ਐਥਲੀਟ ਸਨ। ਉਹ ਚਾਰ ਵਾਰ ਏਸ਼ਿਆਈ ਖੇਡਾਂ ਦਾ ਤਗ਼ਮਾ ਜੇਤੂ (2 ਗੋਲਡ, 1 ਸਿਲਵਰ ਅਤੇ 1 ਬ੍ਰੌਨਜ਼) ਹਨ ਤੇ ਦੋ ਓਲੰਪਿਕ ਖੇਡਾਂ (1968 ਮੈਕਸੀਕੋ ਖੇਡਾਂ ਅਤੇ 1972 ਮਿਊਨਿਖ ਖੇਡਾਂ) ‘ਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਹ ਅਰਜੁਨ ਐਵਾਰਡੀ ਵੀ ਹਨ। ਖੇਡਾਂ ਕਾਰਨ ਪ੍ਰਵੀਨ ਨੂੰ ਸੀਮਾ ਸੁਰੱਖਿਆ ਬਲ (BSF) ‘ਚ ਡਿਪਟੀ ਕਮਾਂਡੈਂਟ ਦੀ ਨੌਕਰੀ ਮਿਲੀ ਸੀ।
ਟਰੈਕ ਅਤੇ ਫੀਲਡ ਸਪੋਰਟਸ ‘ਚ ਕਰੀਅਰ ਬਣਾਉਣ ਤੋਂ ਬਾਅਦ ਪ੍ਰਵੀਨ ਕੁਮਾਰ ਨੇ 70 ਦੇ ਦਹਾਕੇ ਦੇ ਅਖੀਰ ‘ਚ ਸ਼ੋਅਬਿਜ਼ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ। ਇਕ ਇੰਟਰਵਿਊ ‘ਚ ਪ੍ਰਵੀਨ ਕੁਮਾਰ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ ਸਾਈਨ ਕਰਨ ਨੂੰ ਯਾਦ ਕੀਤਾ ਜਦੋਂ ਉਹ ਇੱਕ ਟੂਰਨਾਮੈਂਟ ਲਈ ਕਸ਼ਮੀਰ ਵਿੱਚ ਸਨ।
ਪ੍ਰਵੀਨ ਕੁਮਾਰ ਦੀਆਂ ਮਸ਼ਹੂਰ ਫਿਲਮਾਂ
ਕਰਿਸ਼ਮਾ ਕੁਦਰਤ ਕਾ, ਯੁੱਧ, ਬਲਵੰਤ, ਸਿੰਘਾਸਣ, ਖ਼ੁਦਗਰਜ਼, ਲੋਹਾ, ਮੋਹੱਬਤ ਕੇ ਦੁਸ਼ਮਣ, ਇਲਾਕਾ।