ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਨਿਊਜ਼ਲੈਂਡ ਨਾਲ ਰਣਨੀਤਕ ਸਬੰਧ ਹੋਰ ਗੂੜ੍ਹੇ ਕਰਨ ਹਿੱਤ ਜਲਦੀ ਹੀ ਅਕਾਲੈਂਡ ’ਚ ਕੌਂਸਲਖ਼ਾਨਾ ਖੋਲ੍ਹਿਆ ਜਾਵੇਗਾ। ਆਕਲੈਂਡ ’ਚ ਇੰਡੀਅਨ ਕਮਿਊਨਿਟੀ ਰਿਸੈਪਸ਼ਨ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਉਹ ਪਰਵਾਸੀ ਭਾਰਤੀਆਂ ਵੱਲੋਂ ਨਿਊਜ਼ੀਲੈਂਡ ’ਚ ਮਾਰੀਆਂ ਗਈਆਂ ਮੱਲਾਂ ਨੂੰ ਦੇਖ ਕੇ ਖੁਸ਼ ਹਨ।
ਰਾਸ਼ਟਰਪਤੀ ਮੁਰਮੂ ਨੇ ਮੁਲਕ ਦੇ ਆਪਣੇ ਪਹਿਲੇ ਦੌਰੇ ਮੌਕੇ ਕਿਹਾ, ‘‘ਭਾਰਤ ਦੇ ਨਿਊਜ਼ੀਲੈਂਡ ਨਾਲ ਸਬੰਧ ਗੂੜ੍ਹੇ ਅਤੇ ਬਹੁਦਿਸ਼ਾਵੀ ਹਨ।’’ ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀ ਭਾਈਚਾਰੇ ਨੇ ਨਿਊਜ਼ਲੈਂਡ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਆਖਿਆ, ‘‘ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਪਰਵਾਸੀ ਭਾਰਤੀ ਭਾਈਚਾਰੇ ਦੀ ਚਿਰੋਕਣੀ ਨੂੰ ਮੰਗ ਨੂੰ ਪੂਰਾ ਕਰਨ ਲਈ ਭਾਰਤ ਜਲਦੀ ਹੀ ਆਕਲੈਂਡ ’ਚ ਆਪਣਾ ਕੌਂਸਲਖ਼ਾਨਾ ਖੋਲ੍ਹੇਗਾ। ਉਨ੍ਹਾਂ ਉਮੀਦ ਜਤਾਈ ਕਿ ਇਹ ਕਦਮ (ਭਾਰਤ-ਨਿਊਜ਼ੀਲੈਂਡ ਵਿਚਾਲੇ) ਰਣਨੀਤਕ ਸਬੰਧਾਂ ਨੂੰ ਹੋਰ ਗੂੁੜ੍ਹਾ ਕਰੇਗਾ। ਮੌਜੂਦਾ ਸਮੇਂ ਆਕਲੈਂਡ ’ਚ ਭਾਰਤੀ ਆਨਰੇਰੀ ਕੌਂਸਲ ਹੈ ਜਦਕਿ ਭਾਰਤੀ ਹਾਈ ਕਮਿਸ਼ਨ ਦਾ ਦਫ਼ਤਰ ਵੈਲਿੰਗਟਨ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮੂਲ ਦੇ ਲੋਕ ਨਿਊਜ਼ੀਲੈਂਡ ਦੀ ਆਬਾਦੀ ਦਾ ਛੇ ਫ਼ੀਸਦ ਹਿੱਸਾ ਹਨ। ਰਾਸ਼ਟਰਪਤੀ ਮੁਰਮੂ ਨੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਨਿਊਜ਼ੀਲੈਂਡ ’ਚ ਕਾਰੋਬਾਰ, ਸਿਹਤ, ਸਿੱਖਿਆ ਤੇ ਆਈਟੀ ਸੈਕਟਰਾਂ ’ਚ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ।