ਨਵੀਂ ਦਿੱਲੀ- : ਆਈਪੀਐਲ-2021 ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚ ਹੋਵੇਗੀ। ਆਈਪੀਐਲ ਗਵਰਨਿੰਗ ਕੌਂਸਲ ਨੇ ਬੁੱਧਵਾਰ ਨੂੰ ਅਧਿਕਾਰਕ ਟਵਿੱਟਰ ਹੈਂਡਲ ’ਤੇ ਇਸ ਦੀ ਜਾਣਕਾਰੀ ਦਿੱਤੀ। ਚੇਨਈ ਭਾਰਤ ਅਤੇ ਇੰਗਲੈਂਡ ਵਿਚਕਾਰ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ ਦੀ ਮੇਜ਼ਬਾਨੀ ਕਰੇਗਾ। ਦੂਜਾ ਟੈਸਟ ਮੈਚ 17 ਫਰਵਰੀ ਨੂੰ ਖਤਮ ਹੋਵੇਗਾ ਅਤੇ ਇਸ ਦੇ ਅਗਲੇ ਦਿਨ ਹੀ ਆਈਪੀਐਲ ਦੀ ਨਿਲਾਮੀ ਹੋਵੇਗੀ।
ਦੱਸ ਦੇਈਏ ਕਿ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਆਖਰੀ ਤਰੀਕ 20 ਜਨਵਰੀ ਸੀ, ਜਦਕਿ 4 ਫਰਵਰੀ ਤੱਕ ਟ੍ਰੇਡਿੰਗ ਵਿੰਡੋ (ਖਿਡਾਰੀਆਂ ਦਾ ਇੱਕ ਟੀਮ ਤੋਂ ਦੂਜੀ ਟੀਮ ਵਿੱਚ ਟਰਾਂਸਫਰ) ਜਾਰੀ ਰਹੇਗਾ। ਟੀਮਾਂ ’ਚੋਂ ਰਿਲੀਜ਼ ਕੀਤੇ ਗਏ ਖਿਡਾਰੀਆਂ ਵਿੱਚ ਆਸਟਰੇਲੀਆ ਦੇ ਸਟੀਵ ਸਮਿਥ (ਰਾਜਸਥਾਨ ਰਾਇਲਜ਼) ਅਤੇ ਗਲੇਨ ਮੈਕਸਵੈਲ (ਕਿੰਗਸ ਇਲੈਵਨ ਪੰਜਾਬ) ਜਿਹੇ ਦਿੱਗਜ ਵੀ ਸ਼ਾਮਲ ਹਨ।
ਦੱਸ ਦੇਈਏ ਕਿ ਆਈਪੀਐਲ-2021 ਦੀ ਨਿਲਾਮੀ ਬੇਹੱਦ ਦਿਲਚਸਪ ਹੋਣ ਵਾਲੀ ਹੈ, ਕਿਉਂਕਿ ਲਗਭਗ ਸਾਰੀਆਂ ਟੀਮਾਂ ਨੇ ਵੱਡੇ ਖਿਡਾਰੀਆਂ ਨੂੰ ਨਿਲਾਮੀ ਤੋਂ ਪਹਿਲਾਂ ਕੱਢ ਦਿੱਤਾ ਹੈ। ਰਾਜਸਥਾਨ ਰਾਇਲਜ਼ ਨੇ ਤਾਂ ਆਪਣੇ ਕਪਤਾਨ ਸਟੀਵ ਸਮਿਥ ਨੂੰ ਹੀ ਟੀਮ ’ਚੋਂ ਬਾਹਰ ਕਰ ਦਿੱਤਾ ਹੈ। ਅਜਿਹੇ ਵਿੱਚ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਉਨ੍ਹਾਂ ’ਤੇ ਕਿਹੜੀ ਟੀਮ ਦਾਅ ਲਗਾਉਂਦੀ ਹੈ। ਗਲੇਨ ਮੈਕਸਵੈਲ ਜਿਹੇ ਟੀ-20 ਸਪੈਸ਼ਲਿਸਟ ਵੀ ਟੀਮ ’ਚੋਂ ਬਾਹਰ ਕਰ ਦਿੱਤੇ ਗਏ ਹਨ।
ਰਾਇਲ ਚੈਲੇਂਜਰਸ ਬੈਂਗਲੋਰ ਕੋਲ ਕੁੱਲ 35-70 ਕਰੋੜ ਰੁਪਏ, ਚੇਨਈ ਸੁਪਰਕਿੰਗਜ਼ ਦੇ ਪਰਸ ਵਿੱਚ 22.90 ਕਰੋੜ, ਰਾਜਸਥਾਨ ਰਾਇਲਜ਼ ਦੇ ਪਰਸ ਵਿੱਚ 34.85 ਕਰੋੜ, ਦਿੱਲੀ ਕੈਪਿਟਲਜ਼ ਕੋਲ 12.8 ਕਰੋੜ ਰੁਪਏ, ਸਨਰਾਈਜ਼ਰਸ ਹੈਦਰਾਬਾਦ ਕੋਲ 12.8 ਕਰੋੜ, ਕਿੰਗਜ਼ ਇਲੈਵਨ ਪੰਜਾਬ ਦੇ ਪਰਸ ਵਿੱਚ ਸਭ ਤੋਂ ਵੱਧ 53.2 ਕਰੋੜ ਰੁਪਏ, ਮੁੰਬਈ ਇੰਡੀਅਨਜ਼ ਕੋਲ 15.35 ਕਰੋੜ ਅਤੇ ਕੋਲਕਾਤਾ ਦੇ ਪਰਸ ਵਿੱਚ 10.85 ਕਰੋੜ ਰੁਪਏ ਬਚੇ ਹਨ।
next post