ਕੋਰੋਨਾ ਵਾਇਰਸ ਕਾਰਨ ਦੇਸ਼ ਭਰ ’ਚ ਲਾਗੂ ਲੌਕਡਾਊਨ ਦੌਰਾਨ ਈਦ–ਉਲ–ਫ਼ਿਤਰ ਦਾ ਤਿਉਹਾਰ ਅੱਜ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਲੌਕਡਾਊਨ ਦੌਰਾਨ ਸਮਾਜਕ–ਦੂਰੀ ਕਾਇਮ ਰੱਖਣ ਦੀ ਅਪੀਲ ਸਰਕਾਰ ਵੱਲੋਂ ਕੀਤੀ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਅੱਜ ਪੂਰੇ ਦੇਸ਼ ’ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮਾਲੇਰਕੋਟਲਾ, ਕਾਦੀਆਂ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਈਦ ਦਾ ਜੋਸ਼ ਲੋਕਾਂ ਦੇ ਮਨਾਂ ’ਚ ਤਾਂ ਖੂਬ ਹੈ ਪਰ ਲੌਕਡਾਊਨ ਕਾਰਨ ਐਤਕੀਂ ਬਾਜ਼ਾਰਾਂ ’ਚ ਰੌਣਕਾਂ ਪੂਰੀ ਤਰ੍ਹਾਂ ਗ਼ਾਇਬ ਹਨ। ਐਤਕੀਂ ਆਮ ਵਾਂਗ ਦੁਕਾਨਾਂ ’ਤੇ ਗਾਹਕਾਂ ਦੀ ਬਹੁਤੀ ਗਿਣਤੀ ਵੀ ਵਿਖਾਈ ਨਹੀਂ ਰਹੀ।
ਈਦ ਦੀ ਪੂਰਵ–ਸੰਧਿਆ ਮੌਕੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ, ਉੱਪ–ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਜਨਤਾ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬਾ ਵਾਸੀਆਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਹਨ।
ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਆਪਣੇ ਸੁਨੇਹੇ ’ਚ ਲੋਕਾਂ ਨੂੰ ਕਿਹਾ ਕਿ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ ਦਾ ਸੰਕਲਪ ਲਵੋ ਅਤੇ ਕੋਰੋਨਾ ਵਾਇਰਸ ਦੀ ਚੁਣੌਤੀ ਤੋਂ ਛੇਤੀ ਛੁਟਕਾਰਾ ਹਾਸਲ ਕਰਨ ਤੇ ਸੁਰੱਖਿਅਤ ਰਹਿਣ ਲਈ ਹਰ ਤਰ੍ਹਾਂ ਦੀ ਸਾਵਧਾਨੀ ਵਰਤੋ।
ਉੱਪ–ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਕਾਮਨਾ ਕੀਤੀ ਕਿ ਈਦ–ਉਲ–ਫ਼ਿਤਰ ਨਾਲ ਜੁੜੇ ਮਹਾਨ ਆਦਰਸ਼ ਸਾਡੇ ਜੀਵਨ ਵਿੱਚ ਸਿਹਤ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਲੈ ਕੇ ਆਉਣ। ਇਸ ਵਾਰ ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਚੱਲਦਿਆਂ ਈਦ ਦੀ ਪੂਰਵ–ਸੰਧਿਆ ਮੌਕੇ ਰੌਣਕ ਵਿਖਾਈ ਨਹੀਂ ਦਿੱਤੀ।
ਦੱਖਣ–ਪੂਰਬੀ ਦਿੱਲੀ ਦੇ ਜ਼ਾਕਿਰ ਨਗਰ ’ਚ ਇੱਕ ਗ਼ੈਰ–ਸਰਕਾਰੀ ਸੰਗਠਨ ਚਲਾਉਣ ਵਾਲੇ ਸ਼ਮਾ ਖਾਨ ਹਰ ਸਾਲ ਈਦ ਮੌਕੇ ਗਹਿਣੇ, ਕੱਪੜੇ ਤੇ ਬਹੁਤ ਸਾਰੀਆਂ ਮਿਠਾਈਆਂ ਖ਼ਰੀਦਦੇ ਸਨ ਅਤੇ ਰਿਸ਼ਤੇਦਾਰਾਂ ਨੂੰ ਦਾਅਵਤ ਵੀ ਦਿੰਦੇ ਸਨ ਪਰ ਇਸ ਵਾਰ ਉਹ ਅਜਿਹਾ ਕੁਝ ਨਹੀਂ ਕਰ ਰਹੇ।
ਦਿੱਲੀ ਦੀ ਜਾਮਾ ਮਸਜਿਦ ਨੂੰ ਬੰਦ ਰੱਖਿਆ ਗਿਆ ਹੈ ਤੇ ਉਸ ਦੇ ਬਾਹਰ ਸਖ਼ਤ ਸੁਰੱਖਿਆ ਚੌਕਸੀ ਦਾ ਇੰਤਜ਼ਾਮ ਕੀਤਾ ਗਿਆ ਹੈ ਕਿ ਤਾਂ ਜੋ ਕਿਤੇ ਈਦ ਮੌਕੇ ਉੱਥੇ ਬਹੁਤਾ ਇਕੱਠ ਨਾ ਹੋਵੇ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਈਦ ਮੌਕੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਈਦ ਮੁਬਾਰਕ, ਈਦ–ਉਲ–ਫ਼ਿਤਰ ਦੀਆਂ ਵਧਾਈਆਂ। ਇਸ ਵਿਸ਼ੇਸ਼ ਮੌਕੇ ’ਤੇ ਦਯਾ, ਭਾਈਚਾਰੇ ਤੇ ਸਦਭਾਵ ਦੀ ਭਾਵਨਾ ਨੂੰ ਅੱਗੇ ਵਧਾਓ। ਸਾਰੇ ਲੋਕ ਤੰਦਰੁਸਤ ਤੇ ਖੁਸ਼ਹਾਲ ਰਹਿਣ।