ਦੁਬਈ- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਖੂਨ-ਖਰਾਬਾ ਰੋਕਣ ਲਈ ਉਨ੍ਹਾਂ ਵਾਸਤੇ ਇਹ ਹੀ ਰਸਤਾ ਬਚਿਆ ਸੀ ਕਿ ਉਹ ਅਫਗਾਨਿਸਤਾਨ ਛੱਡ ਦੇਣ। ਤਾਜੀਕਿਸਤਾਨ ਦੇ ਰਾਜਦੂਤ ਵੱਲੋਂ ਗਨੀ ’ਤੇ ਲਗਾਏ ਗਏ ਦੋਸ਼ ਕਿ ਉਹ ਦੇਸ਼ ਛੱਡਣ ਵੇਲੇ ਲੱਖਾਂ ਡਾਲਰ ਆਪਣੇ ਨਾਲ ਲੈ ਗਏ ਹਨ, ਦੇ ਜਵਾਬ ਵਿੱਚ ਅਸ਼ਰਫ ਗਨੀ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਫੇਸਬੁੱਕ ’ਤੇ ਅਪਲੋਡ ਕੀਤੀ ਵੀਡੀਓ ਵਿੱਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਯੂਏਈ (ਸੰਯੁਕਤ ਅਰਬ ਅਮੀਰਾਤ) ਵਿੱਚ ਹੀ ਹਨ।