ਕੈਲਗਰੀ : ਇਸ ਸਦੀ ਦੀ ਸਭ ਤੋਂ ਭਿਆਨਕ ਮਹਾਂਮਾਰੀ ਕੋਰੋਨਾਵਾਇਰਸ ਦੇ ਅਲਬਰਟਾ ‘ਚ ਅੱਜ ਇੱਕੋ ਦਿਨ 107 ਨਵੇਂ ਕੇਸ ਮਿਲੇ ਹਨ। ਸੂਬੇ ‘ਚ ਕੋਰੋਨਾਵਾਇਰਸ ਨਾਲ 5 ਹੋਰ ਮੌਤਾਂ ਹੋ ਜਾਣ ਤੋਂ ਬਾਅਦ ਇਹ ਅੰਕੜਾ 18 ਤੱਕ ਪਹੁੰਚ ਗਿਆ ਹੈ। ਇਨ੍ਹਾਂ 5 ਮੌਤਾਂ ‘ਚੋਂ 4 ਲੋਕ ਕੈਲਗਰੀ ਮੈਕਕੈਂਜ਼ੀਜ਼ ਟਾਊਨ ਸੈਂਟਰ ਦੇ ਵਸਨੀਕ ਸਨ। ਇਕੱਲੇ ਕੈਲਗਰੀ ‘ਚ ਮੌਤਾਂ ਦੀ ਗਿਣਤੀ ਹੁਣ 11 ਹੋ ਚੁੱਕੀ ਹੈ ਅਤੇ ਕੁਲ ਕੇਸ 617 ਤੱਕ ਪਹੁੰਚ ਚੁੱਕੇ ਹਨ ਜਿਸ ਕਾਰਨ ਲੋਕਾਂ ‘ਚ ਕੋਰੋਨਾਵਾਇਰਸ ਦਾ ਡਰ ਵੱਧਦਾ ਜਾ ਰਿਹਾ ਹੈ। ਅਲਬਰਟਾ ਸੂਬੇ ‘ਚ ਹੁਣ ਕੁਲ ਮਰੀਜ਼ਾਂ ਦੀ ਗਿਣਤੀ ਵੱਧ ਕੇ ਇੱਕ ਹਜ਼ਾਰ ਤੋਂ ਟੱਪ ਕੇ 1075 ਤੱਕ ਪਹੁੰਚ ਚੁੱਕੀ ਹੈ। ਇਕੋ ਦਿਨ 5 ਮੌਤਾਂ ਹੋਣ ਤੋਂ ਬਾਅਦ ਕੁਲ ਮੌਤਾਂ 18 ਹੋ ਚੁੱਕੀਆਂ ਹਨ। ਪ੍ਰੀਮੀਅਰ ਜੇਨਸ ਕੇਨੀ ਵਲੋਂ ਕੀਤੇ ਗਏ ਐਲਾਨ ਤੋਂ ਬਾਅਦ 24 ਘੰਟਿਆਂ ‘ਚ 4000 ਤੋਂ ਵੱਧ ਲੋਕਾਂ ਦੇ ਕੋਰੋਨਾਵਾਇਰਸ ਸਬੰਧੀ ਟੈਸਟ ਕੀਤੇ ਜਾ ਰਹੇ ਹਨ । ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡਾ. ਡੀਨਾ ਹਿੰਸਾ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ‘ਚੋਂ ਹੁਣ ਤੱਕ ਕੈਲਗਰੀ ਜ਼ੋਨ ਵਿਚ 671 ਕੇਸ ਅਤੇ 7 ਮੌਤਾਂ, ਐਡਮਿੰਟਨ ਜ਼ੋਨ ਵਿਚ 263 ਕੇਸ ਅਤੇ 4 ਮੌਤਾਂ, ਨਾਰਥ ਜ਼ੋਨ ਵਿਚ 57 ਕੇਸ ਅਤੇ 3 ਮੌਤਾਂ, ਸਾਊਥ ਜ਼ੋਨ ‘ਚ 16ਕੇਸ, ਸੈਂਟਰਲ ਜ਼ੋਨ ‘ਚ 62 ਕੇਸ ਅਤੇ 6 ਕੇਸ ਅਣਜਾਨ ਥਾਵਾਂ ਤੋਂ ਮਿਲੇ ਹਨ।