ਕੈਲੀਫੋਰਨੀਆ ਦੇ ਸਮੁੰਦਰੀ ਤੱਟ ‘ਤੇ ਰੋਕੇ ਗਏ ਗ੍ਰੈਡ ਪ੍ਰਿੰਸਸ ਕਰੂਜ ਸਮੁੰਦਰੀ ਜਹਾਜ਼ ਵਿੱਚ ਇੱਕ ਹੋਰ ਅਲਬਰਟਾ ਵਾਸੀ ਦੇ ਕੋਰੋਨਾਵਾਇਰਸ ਨਾਲ ਪੀੜ੍ਹਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਏ.ਟੀ.ਬੀ. ਫਾਈਨਾਂਸ ਕੰਪਨੀ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ। ਜੋ ਕਿ ਇਸ ਜਹਾਜ਼ ‘ਚ ਪਿਛਲੇ ਦਿਨੀਂ ਕਾਰੋਬਾਰ ਦੇ ਸਿਲਸਿਲੇ ‘ਚ ਅਮਰੀਕਾ ਗਿਆ ਸੀ। ਇਸ ਖਬਰ ਤੋਂ ਬਾਅਦ ਏ.ਟੀ.ਬੀ. ਕੰਪਨੀ ਨੇ ਸ਼ਹਿਰ ‘ਚ 2 ਬਰਾਂਚਾਂ ਵੀ ਬੰਦ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਗ੍ਰੈਡ ਪ੍ਰਿੰਸਸ ਕਰੂਜ ਸਮੁੰਦਰੀ ਜਹਾਜ਼ ‘ਚ ਸਵਾਰ 2400 ਯਾਤਰੀਆਂ ਅਤੇ 1100 ਚਾਲਕਾਂ ‘ਚੋਂ ਜਾਂਚ ਦੌਰਾਨ 21 ਵਿਅਕਤੀ ਕੋਰੋਨਾਵਾਇਰਸ ਨਾਲ ਪੀੜ੍ਹਤ ਮਿਲੇ ਹਨ। ਜਿਸ ਵਿਚੋਂ 2 ਦੀ ਪਛਾਣ ਕੈਲਗਰੀ ਵਾਸੀਆਂ ਵਜੋਂ ਹੋਈ ਹੈ। ਉਧਰ ਕੈਨੇਡਾ ਦੇ ਸਿਹਤ ਵਿਭਾਗ ਵਲੋਂ ਵੀ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਕੈਨੇਡਾ ਪਰਤਣ ਵਾਲੇ ਯਾਤਰੀਆਂ ‘ਚ ਜੇਕਰ ਖੰਘ, ਬੁਖਾਰ ਜਾਂ ਵਾਇਰਸ ਨਾਲ ਸਬੰਧਤ ਕੋਈ ਵੀ ਲੱਛਨ ਦਿਖਾਈ ਦਿੰਦਾ ਹੈ ਤਾਂ ਉਸ ਨੂੰ 14 ਦਿਨ ਲਈ ਦੇਖ-ਰੇਖਣ ‘ਚ ਰਹਿਣਾ ਪਵੇਗਾ। ਇਸ ਲਈ ਉਨ੍ਹਾਂ ਨੇ ਅਮਰਜੈਂਸੀ ਨੰਬਰ 811 ‘ਤੇ ਕਾਲ ਕਰਨ ਦੀ ਵੀ ਹਦਾਇਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਡਰ ਕਾਰਨ ਕੈਲਗਰੀ ‘ਚ ਕਈ ਸਮਾਗਮ ਵੀ ਰੱਦ ਹੋਣੇ ਸ਼ੁਰੂ ਹੋ ਗਏ ਹਨ ਜਿਸ ਦਾ ਅਸਰ ਅਰਥਿਕਤਾ ‘ਤੇ ਵੀ ਪੈ ਸਕਦਾ ਹੈ।