National

ਅਮਿਤ ਸ਼ਾਹ ਨੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਕੀਤੀ ਬੰਦ ਕਮਰਾ ਮੀਟਿੰਗ, ਸਿੱਖਾਂ ਦੇ ਵੱਡੇ ਮੁੱਦੇ ਹੱਲ ਕਰਨ ਦਾ ਭਰੋਸਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ। ਚੋਣਾਂ ਦੇ ਮਾਹੌਲ ਵਿੱਚ ਇਹ ਮੀਟਿੰਗ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਧਰ, ਸੂਤਰਾਂ ਦਾ ਕਹਿਣਾ ਹੈ ਕਿ ਜਥੇਦਾਰ ਵੱਲੋਂ ਸਿੱਖਾਂ ਦੇ ਕਈ ਮੁੱਦੇ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖੇ ਗਏ ਹਨ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਹੋਇਆ।

ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਚੋਣ ਪ੍ਰਚਾਰ ਲਈ ਪੰਜਾਬ ਦੌਰੇ ‘ਤੇ ਆਏ ਸੀ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੁੱਜੇ ਜਿੱਥੇ ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕਰੀਬ 45 ਮਿੰਟ ਲੰਬੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਦੋਵੇਂ ਆਗੂ ਹੀ ਕਮਰੇ ਵਿੱਚ ਹਾਜ਼ਰ ਸਨ। ਹਾਲਾਂਕਿ ਸ਼ਾਹ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਤਰੁਣ ਚੁੱਘ ਵੀ ਆਏ ਸਨ ਪਰ ਉਹ ਸਾਰੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜਥੇਦਾਰ ਵੱਲੋਂ ਸਿੱਖਾਂ ਦੇ ਕਈ ਮਾਮਲੇ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖੇ ਗਏ, ਜਿਨ੍ਹਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਵੀ ਸ਼ਾਮਲ ਹੈ।

ਉਨ੍ਹਾਂ ਨੀਮ ਫ਼ੌਜੀ ਬਲਾਂ ਵਿੱਚ ਗ੍ਰੰਥੀ ਦੀ ਇੱਕ ਪੱਕੀ ਆਸਾਮੀ ਸਥਾਪਤ ਕਰਨ ਲਈ ਵੀ ਕਿਹਾ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਨੀਮ ਫ਼ੌਜੀ ਬਲਾਂ ਵਿੱਚ ਮੌਲਵੀ ਦੀ ਪੱਕੀ ਆਸਾਮੀ ਤਾਂ ਹੈ ਪਰ ਗ੍ਰੰਥੀ ਦੀ ਆਸਾਮੀ ਨਹੀਂ, ਜਿਸ ਕਾਰਨ ਨੀਮ ਫ਼ੌਜੀ ਬਲਾਂ ਦੇ ਸਿੱਖ ਜਵਾਨ ਹੀ ਆਪਣੇ ਤੌਰ ’ਤੇ ਸਾਰੇ ਪ੍ਰਬੰਧ ਕਰਦੇ ਹਨ। ਉਨ੍ਹਾਂ ਕਿਹਾ ਕਿ ਮੌਲਵੀ ਵਾਂਗ ਗ੍ਰੰਥੀ ਦੀ ਆਸਾਮੀ ਵੀ ਪੱਕੀ ਕੀਤੀ ਜਾਵੇ।

ਜਥੇਦਾਰ ਨੇ ਉੱਤਰਾਖੰਡ ਸਥਿਤ ਗੁਰਦੁਆਰਾ ਗਿਆਨ ਗੋਦੜੀ ਦਾ ਮੁੜ ਨਿਰਮਾਣ ਕਰਨ ਤੇ ਸਿੱਕਮ ਵਿੱਚ ਗੁਰਦੁਆਰਾ ਚੁੰਗ ਥਾਮ ਦਾ ਕਬਜ਼ਾ ਸਿੱਖ ਭਾਈਚਾਰੇ ਨੂੰ ਸੌਂਪਣ, ਸਿੱਖ ਗੁਰਦੁਆਰਾ ਐਕਟ 1925 ਤਹਿਤ ਧਾਰਾ 87 ਹੇਠ ਆਉਂਦੇ ਗੁਰਦੁਆਰਿਆਂ ਦੇ ਨੋਟੀਫਿਕੇਸ਼ਨ ਦੇ ਲਟਕ ਰਹੇ ਕੰਮ ਨੂੰ ਤੁਰੰਤ ਪੂਰਾ ਕਰਨ ਦਾ ਮਾਮਲਾ ਵੀ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖਿਆ।

Related posts

ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾ

Gagan Oberoi

Postpartum Depression : ਭਾਰਤ ‘ਚ 20% ਤੋਂ ਵੱਧ ਮਾਵਾਂ ਜਣੇਪੇ ਤੋਂ ਬਾਅਦ ਡਿਪਰੈਸ਼ਨ ਦੇ ਕਿਸੇ ਨਾ ਕਿਸੇ ਰੂਪ ਤੋਂ ਪੀੜਤ, ਜਾਣੋ ਇਸਦੇ ਲੱਛਣ ਤੇ ਇਲਾਜ

Gagan Oberoi

ਇਨਸਾਨਾਂ ਦਾ ਗਰਭਵਤੀ ਹਥਿਨੀ ਤੇ ਜ਼ੁਲਮ, ਫਲਾਂ ‘ਚ ਵਿਸਫੋਟਕ ਖਵਾ ਲਈ ਜਾਨ

Gagan Oberoi

Leave a Comment