ਨਿਊ ਯਾਰਕ- ਅਮਰੀਕਾ ਦੇ 26 ਸਾਲਾ ਸਿੱਖ-ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁਝ ਸ਼ਰਤਾਂ ਨਾਲ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ ਸੈਨਾ ਦੇ 246 ਸਾਲਾਂ ਦੇ ਇਤਿਹਾਸ ਵਿਚ ਅਜਿਹੀ ਪ੍ਰਵਾਨਗੀ ਹਾਸਲ ਕਰਨ ਵਾਲੇ ਉਹ ਪਹਿਲੇ ਵਿਅਕਤੀ ਹਨ। ‘ਦਿ ਨਿਊਯਾਰਕ ਟਾਈਮਜ਼’ ਦੀ ਖ਼ਬਰ ਮੁਤਾਬਕ ‘ਲਗਪਗ ਪੰਜ ਸਾਲ ਤੋਂ ਹਰ ਸਵੇਰ ਲੈਫ਼ਟੀਨੈਂਟ ਸੁਖਬੀਰ ਤੂਰ ਅਮਰੀਕੀ ਜਲ ਸੈਨਾ ਕੋਰ ਦੀ ਵਰਦੀ ਪਹਿਨਦੇ ਆਏ ਹਨ ਤੇ ਵੀਰਵਾਰ ਸਿਰ ’ਤੇ ਦਸਤਾਰ ਸਜਾਉਣ ਦੀ ਉਨ੍ਹਾਂ ਦੀ ਇੱਛਾ ਵੀ ਪੂਰੀ ਹੋ ਗਈ ਹੈ।’ ਤੂਰ ਨੇ ਇਕ ਇੰਟਰਵਿਊ ਵਿਚ ਕਿਹਾ ‘ਆਖਿਰ ਮੈਨੂੰ ਮੇਰੇ ਵਿਸ਼ਵਾਸ ਤੇ ਦੇਸ਼ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਨੌਬਤ ਨਹੀਂ ਆਈ।’ ਤੂਰ ਨੇ ਇਸ ਹੱਕ ਨੂੰ ਹਾਸਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ।