ਅਮਰੀਕਾ ਦੇ ਪੂਰਵੀ ਸ਼ਹਿਰ ਫਿਲਾਡੇਲਫੀਆ ਵਿਚ ਸਥਾਨਕ ਸਮੇਂ ਅਨੁਸਾਰ ਬੁਧਵਾਰ ਸਵੇਰੇ ਇੱਕ ਭਿਆਨਕ ਹਾਦਸੇ ਵਿਚ 7 ਬੱਚਿਆਂ ਸਣੇ 13 ਲੋਕਾਂ ਦੀ ਸੜ ਕੇ ਮੌਤ ਹੋ ਗਈ। ਇਨ੍ਹਾਂ ਸਾਰਿਆਂ ਦੀ ਮੌਤ ਫਿਲਾਡੇਲਫੀਆ ਸ਼ਹਿਰ ਦੇ 3 ਮੰਜ਼ਿਲਾ ਘਰ ਵਿਚ ਲੱਗੀ ਅੱਗ ਕਾਰਨ ਹੋਈ।
ਫਿਲਾਡੇਲਫੀਆ ਫਾਇਰ ਡਿਪਾਰਟਮੈਂਟ ਦੇ ਡਿਪਟੀ ਕਮਿਸ਼ਨਰ ਕਰੇਗ ਮਰਫੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਅੱਗ ਬੁਝਣ ਦੇ ਬਾਵਜੂਦ ਬਿਲਡਿੰਗ ਦੇ ਅੰਦਰ ਤੋਂ ਜ਼ਖ਼ਮੀਆਂ ਨੂੰ ਕੱਢੇ ਜਾਣ ਦਾ ਕੰਮ ਜਾਰੀ ਹੈ। ਮ੍ਰਿਤਕਾਂ ਤੋਂ ਇਲਾਵਾ ਦੋ ਹੋਰਾਂ ਨੁੂੰ ਗੰਭੀਰ ਹਾਲਤ ਵਿਚ ਹਸਪਤਾਲ ਭੇਜਿਆ ਗਿਆ।
ਮੌਕੇ ’ਤੇ ਅੱਗ ਬੁਝਣ ਤੋਂ ਬਾਅਦ ਵੀ ਕਈ ਫਾਇਰ ਟਰੱਕ ਖੜ੍ਹੇ ਦੇਖੇ ਗਏ ਜਿਨ੍ਹਾਂ ਦੇ ਫਾਇਰ ਕਰਮੀ ਸੜੀ ਹੋਈ ਬਿਲਡਿੰਗ ਵਿਚ ਬਚਣ ਵਾਲਿਆਂ ਦੀ ਭਾਲ ਕਰ ਰਹੇ ਹਨ। ਇਹ ਬਿਲਡਿੰਗ ਫਿਲਾਡੇਲਫੀਆ ਪਬਲਿਕ ਹਾਊਸਿੰਗ ਅਥਾਰਿਟੀ ਦੀ ਹੈ।
ਬਿਲਡਿੰਗ ਵਿਚ ਅੱਗ ਲੱਗਣ ਤੋਂ ਬਾਅਦ ਇੰਨੇ ਵੱਡੇ ਪੱਧਰ ’ਤੇ ਮੌਤਾਂ ਦੇ ਲਈ ਉਥੇ ਲੱਗੇ ਸਮੋਕ ਡਿਟੈਕਟਰਸ ਖਰਾਬ ਹੋਣ ਨੂੰ ਕਾਰਨ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੇ ਚਲਦਿਆਂ ਬਿਲਡਿੰਗ ਵਿਚ ਮੌਜੂਦ ਲੋਕਾਂ ਨੂੰ ਸਮੇਂ ’ਤੇ ਅੱਗ ਲੱਗਣ ਦਾ ਅਲਰਟ ਨਹੀਂ ਮਿਲ ਸਕਿਆ। ਡਿਪਟੀ ਕਮਿਸ਼ਨਰ ਮਰਫੀ ਨੇ ਕਿਹਾ ਕਿ ਬਿਲਡਿੰਗ ਵਿਚ ਚਾਰ ਸਮੋਕ ਡਿਟੈਕਟਰਸ ਸੀ ਅਤੇ ਚਾਰੇ ਖਰਾਬ ਮਿਲੇ ਹਨ।