ਅਮਰੀਕੀ ਅਧਿਕਾਰੀ ਟੌਡ ਡੀ ਰੌਬਿਨਸਨ ਆਪਣੇ ਚਾਰ ਦਿਨਾਂ ਪਾਕਿਸਤਾਨ ਦੌਰੇ ਦੌਰਾਨ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਬਾਰੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਅਮਰੀਕਾ-ਪਾਕਿਸਤਾਨ ਸਹਿਯੋਗ, ਨਸ਼ੀਲੇ ਪਦਾਰਥਾਂ, ਲਿੰਗ ਮੁੱਦਿਆਂ, ਅੰਤਰਰਾਸ਼ਟਰੀ ਅਪਰਾਧ ਅਤੇ ਸਰਹੱਦੀ ਸੁਰੱਖਿਆ ਵਰਗੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ।
ਦਾਊਦ ਵੱਡੇ ਪੱਧਰ ‘ਤੇ ਡਰੱਗ ਤਸਕਰੀ ‘ਚ ਸ਼ਾਮਲ
ਜਿਵੇਂ ਕਿ ਗਲੋਬਲ ਸਟਾਰਟ ਵਿਊ ਦੁਆਰਾ ਰਿਪੋਰਟ ਕੀਤੀ ਗਈ ਹੈ, ਯੂਐਸ ਸਟੇਟ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੂੰ ਪੁੱਛਿਆ ਗਿਆ ਸੀ ਕਿ ਕੀ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਅਤੇ ਕਾਨੂੰਨ ਲਾਗੂ ਕਰਨ ਦੇ ਮਾਮਲਿਆਂ ਲਈ ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਟੈਡ ਡੀ ਰੌਬਿਨਸਨ, ਦਾਊਦ ਇਬਰਾਹਿਮ ਦੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਅਤੇ ਨਾਰਕੋਟਿਕਸ ਨੈਟਵਰਕ ਦਾ ਮੁੱਦਾ ਉਠਾਉਣਗੇ। ਇਸ ਸਵਾਲ ਦੇ ਜਵਾਬ ‘ਚ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਹਾਂ, ਅਸੀਂ ਹਰ ਮੌਕੇ ‘ਤੇ ਆਪਣੇ ਭਾਈਵਾਲ ਦੇਸ਼ ਨਾਲ ਅਜਿਹੇ ਮੁੱਦੇ ਉਠਾਉਂਦੇ ਹਾਂ। ਦਾਊਦ ਇਬਰਾਹਿਮ ਬ੍ਰਿਟੇਨ ਅਤੇ ਪੱਛਮੀ ਯੂਰਪ ‘ਚ ਵੱਡੇ ਪੱਧਰ ‘ਤੇ ਡਰੱਗ ਤਸਕਰੀ ‘ਚ ਸ਼ਾਮਲ ਹੈ।
ਅੱਤਵਾਦੀਆਂ ਨੂੰ ਪੈਸਾ ਦਿੰਦਾ ਰਹਿੰਦੈ
ਇੰਨਾ ਹੀ ਨਹੀਂ, ਉਹ ਭਾਰਤ ਸਰਕਾਰ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਅੱਤਵਾਦੀਆਂ ਨੂੰ ਪੈਸਾ ਮੁਹੱਈਆ ਕਰਵਾ ਰਿਹਾ ਹੈ। ਵਰਣਨਯੋਗ ਹੈ ਕਿ ਦਾਊਦ ਇਬਰਾਹਿਮ 1993 ਵਿਚ ਮੁੰਬਈ ਵਿਚ ਹੋਏ ਲੜੀਵਾਰ ਧਮਾਕਿਆਂ ਵਿਚ ਸ਼ਾਮਲ ਸੀ, ਜਿਸ ਵਿਚ 257 ਲੋਕਾਂ ਦੀ ਮੌਤ ਹੋ ਗਈ ਸੀ। ਦਾਊਦ ਨੂੰ 2003 ਵਿੱਚ ਅਮਰੀਕੀ ਖਜ਼ਾਨਾ ਵਿਭਾਗ ਨੇ ਅੰਤਰਰਾਸ਼ਟਰੀ ਅੱਤਵਾਦੀ ਘੋਸ਼ਿਤ ਕੀਤਾ ਸੀ।