ਆਰਕਟਿਕ ਤੂਫ਼ਾਨ ਦੇ ਕਾਰਨ ਅਮਰੀਕਾ ਵਿਚ ਘੱਟ ਤੋਂ ਘੱਟ 34 ਤੇ ਕੈਨੇਡਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਕਈ ਇਲਾਕਿਆਂ ਵਿਚ ਪਾਰਾ ਮਨਫੀ 45 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ। ਬਫੈਲੋ ਤੇ ਨਿਊਯਾਰਕ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹਨ। ਬਰਫ਼ੀਲੇ ਤੂਫ਼ਾਨ ਦੇ ਕਾਰਨ ਐਤਵਾਰ ਨੂੰ ਅਮਰੀਕਾ ਵਿਚ 1,707 ਘਰੇਲੂ ਤੇ ਕੌਮਾਂਤਰੀ ਉਡਾਣਾਂ ਰੱਦ ਕਰਨੀਆਂ ਪਈਆਂ।
ਨਿਊਯਾਰਕ ਪ੍ਰਾਂਤ ਦੇ ਗਵਰਨਰ ਕੈਥੀ ਹੋਚੁਲ ਨੇ ਕਿਹਾ, ਇਹ ਬਫੈਲੋ ਦੇ ਇਤਿਹਾਸ ਦਾ ਸਭ ਤੋਂ ਘਾਤਕ ਬਰਫ਼ੀਲਾ ਤੂਫ਼ਾਨ ਹੈ। ਵਰਮੋਂਟ, ਓਹੀਓ, ਮਿਸੌਰੀ, ਵਿਸਕਾਂਸਿਨ, ਕੰਸਾਸ ਤੇ ਕੋਲੋਰਾਡੋ ਵਿਚ ਵੀ ਤੂਫ਼ਾਨ ਦੇ ਕਾਰਨ ਲੋਕਾਂ ਦੀ ਮੌਤ ਦੀ ਸੂਚਨਾ ਹੈ। ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਪ੍ਰਾਂਤ ਸਥਿਤ ਮੈਰਿਟ ਸ਼ਹਿਰ ਦੀ ਬਰਫ਼ ਨਾਲ ਭਰੀ ਇਕ ਸੜਕ ’ਤੇ ਬਸ ਸਲਿਪ ਕਰ ਗਈ। ਇਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ।
ਬੀਬੀਸੀ ਦੀ ਰਿਪੋਰਟ ਮੁਤਾਬਕ, ਬਰਫ਼ੀਲੇ ਤੂਫ਼ਾਨ ਦੇ ਕਾਰਨ ਅਮਰੀਕਾ ਤੇ ਕੈਨੇਡਾ ਦੇ ਵੱਡੇ ਹਿੱਸਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੈ। ਐਤਵਾਰ ਦੁਪਹਿਰ ਤਕ ਅਮਰੀਕਾ ਵਿਚ ਘੱਟ ਤੋਂ ਘੱਟ ਦੋ ਲੱਖ ਖ਼ਪਤਕਾਰਾਂ ਦੇ ਘਰਾਂ ਵਿਚ ਬਿਜਲੀ ਨਹੀਂ ਸੀ। ਉੱਤਰੀ ਕੈਰੋਲੀਨਾ ਵਿਚ 6,500 ਤੇ ਨਿਊਯਾਰਕ ਦੇ 34 ਹਜ਼ਾਰ ਘਰਾਂ ਵਿਚ ਬਿਜਲੀ ਸਪਲਾਈ ਰੁਕੀ ਹੋਈ ਹੈ। ਕੈਨੇਡਾ ਦੇ ਓਂਟਾਰੀਓ ਤੇ ਕਿਊਬੈਕ ਪ੍ਰਾਂਤ ਬਿਜਲੀ ਸਪਲਾਈ ਰੁਕਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕਿਊਬੈਕ ਦੇ 1.20 ਲੱਖ ਉਪਭੋਗਤਾਵਾਂ ਨੂੰ ਕ੍ਰਿਸਮਸ ਦੇ ਦਿਨ ਬਿਜਲੀ ਨਹੀਂ ਮਿਲੀ। ਤੂਫ਼ਾਨ ਦਾ ਦਾਇਰਾ ਕੈਨੇਡਾ ਦੇ ਕਰੀਬ ਗ੍ਰੇਟ ਲੈਕਸ ਤੋਂ ਮੈਕਸੀਕੋ ਦੀ ਸੀਮਾ ਦੇ ਕੋਲ ਰੀਓ ਗ੍ਰਾਂਡ ਤਕ ਫੈਲਿਆ ਹੋਇਆ ਹੈ। ਅਮਰੀਕਾ ਦੀ ਕਰੀਬ 60 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਪ੍ਰਕਾਰ ਠੰਢ ਸਬੰਧੀ ਮੌਸਮ ਵਿਭਾਗ ਦੀ ਚਿਤਾਵਨੀ ਨਾਲ ਪ੍ਰਭਾਵਿਤ ਹਨ।
ਜਾਪਾਨ ’ਚ ਭਾਰੀ ਬਰਫ਼ਬਾਰੀ ਨਾਲ 17 ਦੀ ਮੌਤ
ਜਾਪਾਨ ਦੇ ਵੱਡੇ ਹਿੱਸੇ ਵਿਚ ਭਾਰੀ ਬਰਫ਼ਬਾਰੀ ਦੇ ਕਾਰਨ ਘੱਟ ਤੋਂ ਘੱਟ 17 ਲੱਖ ਲੋਕ ਮਾਰੇ ਗਏ, ਜਦਕਿ 90 ਤੋਂ ਵੱਧ ਜ਼ਖ਼ਮੀ ਹੋਏ ਹਨ। ਸੈਂਕੜੇ ਘਰਾਂ ਵਿਚ ਬਿਜਲੀ ਸਪਲਾਈ ਬੰਦ ਹੈ। ਸਭ ਤੋਂ ਵੱਧ ਉੱਤਰੀ ਜਾਪਾਨ ਪ੍ਰਭਾਵਿਤ ਹੈ, ਜਿੱਥੇ ਪਿਛਲੇ ਹਫ਼ਤੇ ਤੋਂ ਜਾਰੀ ਬਰਫ਼ਬਾਰੀ ਦੇ ਕਾਰਨ ਸੈਂਕੜੇ ਗੱਡੀਆਂ ਹਾਈਵੇਅ ’ਤੇ ਖੜ੍ਹੀਆਂ ਹਨ। ਇਸ ਵਿਚਾਲੇ, ਆਸਟ੍ਰੇਲੀਆਈ ਪੁਲਿਸ ਨੇ ਕਿਹਾ ਕਿ ਕ੍ਰਿਸਮਸ ਦੇ ਦਿਨ ਜੁਏਰਸ ਸ਼ਹਿਰ ਵਿਚ ਬਰਫ਼ ਦੇ ਤੋਦੇ ਡਿੱਗਣ ਨਾਲ ਦਸ ਲੋਕਾਂ ਦੇ ਦੱਬਣ ਦੀ ਸੂਚਨਾ ਸੀ। ਬਰਫ਼ ਵਿਚ ਦੱਬੇ ਇਕ ਜ਼ਖ਼ਮੀ ਨੂੰ ਕੱਢ ਲਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਹੁਣ ਕੋਈ ਵੀ ਵਿਅਕਤੀ ਮਲਬੇ ਵਿਚ ਦੱਬਿਆ ਹੋਇਆ ਨਹੀਂ ਹੈ।