ਭਾਰਤ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਭਾਰਤ ’ਚ ਕੋਰੋਨਾ ਦੀ ਦੁਜੀ ਲਹਿਰ ਨੇ ਨੌਜਵਾਨਾਂ ਉੱਤੇ ਸਭ ਤੋਂ ਵੱਧ ਕਹਿਰ ਢਾਇਆ ਹੈ। ਹੁਣ ਮਾਹਿਰਾਂ ਨੂੰ ਖ਼ਦਸ਼ਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਨੂੰ ਆਪਣੀ ਲਪੇਟ ’ਚ ਲੈ ਸਕਦੀ ਹੈ।
ਭਾਰਤ ’ਚ ਟੀਕਿਆਂ ਦੀ ਘਾਟ ਕਾਰਣ ਹਾਲੇ ਨੌਜਵਾਨਾਂ ਦਾ ਟੀਕਾਕਰਣ ਨਹੀਂ ਹੋ ਸਕ ਰਿਹਾ, ਇਸ ਲਈ ਬੱਚਿਆਂ ਦਾ ਟੀਕਾਕਰਨ ਬਾਰੇ ਸੋਚਣਾ ਤਾਂ ਹਾਲੇ ਦੂਰ ਦੀ ਗੱਲ ਹੈ ਪਰ ਇਨ੍ਹਾਂ ਸਭ ਦੌਰਾਨ ਅਮਰੀਕਾ ਤੇ ਕੈਨੇਡਾ ਸਮੇਤ ਦੁਨੀਆ ਦੇ ਕਈ ਅਮੀਰ ਦੇਸ਼ਾਂ ਨੇ 12 ਸਾਲਾਂ ਦੇ ਬੱਚਿਆਂ ਦਾ ਟੀਕਾਕਰਣ ਸ਼ੁਰੂ ਕਰ ਦਿੱਤਾ ਹੈ।
ਕਈ ਦੇਸ਼ਾਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ 12 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਣ ਕਰ ਦੇਣਗੇ; ਤਾਂ ਜੋ ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਮਹਾਮਾਰੀ ਕਾਰਦ ਵਾਰ–ਵਾਰ ਸਕੂਲ ਬੰਦ ਕਰਨੇ ਪੈਂਦੇ ਹਨ ਤੇ ਪ੍ਰੀਖਿਆਵਾਂ ਵੀ ਟਾਲਣੀਆਂ ਪੈਂਦੀਆਂ ਹਲ।
ਮਾਹਿਰ ਪਹਿਲਾਂ ਹੀ ਤੀਜੀ ਲਹਿਰ ’ਚ ਬੱਚਿਆਂ ਉੱਤੇ ਪ੍ਰਭਾਵ ਪੈਣ ਦਾ ਅਨੁਮਾਨ ਪ੍ਰਗਟਾ ਚੁੱਕੇ ਹਨ। ਇਸ ਲਈ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਹੋਰ ਵੀ ਵਧ ਗਈ ਹੈ। ਅਮਰੀਕਾ ਦੇ ਪੀਡੀਆਟ੍ਰਿਕਸ ਐਸੋਸੀਏਸ਼ਨ ਦੀ ਰਿਪੋਰਟ ਅਨੁਸਾਰ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਸ ਵਰ੍ਹੇ ਮਈ ਤੱਕ ਦੁਨੀਆ ਭਰ ਵਿੱਚ ਲਗਭਗ 40 ਲੱਖ ਬੱਚੇ ਕੋਰੋਨਾ ਦੀ ਲਾਗ ਦੀ ਲਪੇਟ ਵਿੱਚ ਆ ਚੁੱਕੇ ਹਨ।