ਰੇਲ ਡਵੀਜ਼ਨ ਫਿਰੋਜ਼ਪੁਰ ਵਿਚ ਬਤੌਰ ਸੀਨੀਅਰ ਟੀਟੀਈ ਤੈਨਾਤ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਨੇ ਬੀਤੇ ਦਿਨੀ ਸਿਕੰਦਰਾਬਾਦ ਵਿਖੇ ਹੋਈ 58ਵੀਂ ਆਲ ਇੰਡੀਆ ਰੇਲਵੇ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਂਦਿਆਂ ਦੋ ਗੋਲਡ ਮੈਡਲ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਆਰ ਐਮ ਫਿਰੋਜ਼ਪੁਰ ਸੀਮਾ ਸ਼ਰਮਾ ਨੇ ਦੱਸਿਆ ਕਿ ਵਿਅਕਤੀਗਤ ਪ੍ਰਤੀਯੋਗਿਤਾ ਸਪ੍ਰਿੰਟ ਅਤੇ ਕੀਰਿਨ ਦੌੜ ਵਿੱਚ ਸੋਨ ਤਗਮੇ ਅਤੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਨੇ ਲਗਾਤਾਰ 10 ਸਾਲ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤ ਕੇ ਇੱਕ ਰਿਕਾਰਡ ਬਣਾਇਆ ਹੈ ਅਤੇ ਇੱਕ ਕਿਲੋਮੀਟਰ ਟਾਈਮ ਟਰਾਇਲ ਵਿੱਚ ਵਿਅਕਤੀਗਤ ਰਾਸ਼ਟਰੀ ਰਿਕਾਰਡ ਧਾਰਕ ਵੀ ਹੈ। ਉਹ ਆਸਟ੍ਰੇਲੀਆ ਵਿੱਚ ਹੋਈਆਂ ਵਿਸ਼ਵ ਸਾਈਕਲਿੰਗ ਚੈਂਪੀਅਨਸ਼ਿਪ, ਗਲਾਸਗੋ (ਲੰਡਨ) ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਅਤੇ ਕੋਰੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਵੀ ਭਾਰਤ ਦੀ ਨੁੰਮਾਇੰਦਗੀ ਕਰ ਚੁੱਕਾ ਹੈ।
ਅਮਰਜੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸੀਨੀਅਰ ਟੀਟੀਈ ਵਜੋਂ ਤਾਇਨਾਤ ਹਨ। ਉਨ੍ਹਾਂ ਦੇ ਪਿਤਾ ਸਰਦਾਰ ਬਾਵਾ ਸਿੰਘ ਭੋਮਾ ਵੀ ਇਸ ਖੇਡ ਨਾਲ ਜੁੜੇ ਹੋਏ ਸਨ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਅਮਰਜੀਤ ਸਿੰਘ ਜੂਨ 2022 ਵਿੱਚ ਦਿੱਲੀ ਵਿੱਚ ਹੋਣ ਵਾਲੀ ਏਸ਼ੀਅਨ ਪੈਰਾ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਲਈ ਤਿਆਰੀ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸਦਾ ਟੀਚਾ 2024 ਵਿੱਚ ਫਰਾਂਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਮਗਾ ਜਿੱਤਣਾ ਹੈ। ਡਵੀਜ਼ਨਲ ਰੇਲਵੇ ਮੈਨੇਜਰ ਡਾ: ਸੀਮਾ ਸ਼ਰਮਾ ਨੇ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ‘ਤੇ ਵਧਾਈ ਦਿੱਤੀ।