ਲਾਅਸੇਨ : ਕੋਰਟ ਆਫ ਆਰਬਿਟ੍ਰੇਸ਼ਨ ਫੌਰ ਸਪੋਰਟਸ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਅਗਲੇ ਦੋ ਸਾਲਾਂ ਵਿੱਚ ਹੋਣ ਵਾਲੇ ਅਹਿਮ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਵਾਸਤੇ ਰੂਸ ਕੋਸਿ਼ਸ਼ ਨਹੀੱ ਕਰ ਸਕੇਗਾ।
ਪਰ ਰੂਸ ਦੇ ਖਿਡਾਰੀਆਂ ਨੂੰ ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੇ 2022 ਵਿੱਚ ਬੀਜਿੰਗ ਵਿੱਚ ਹੋਣ ਵਾਲੀਆਂ ਸਰਦ ਰੁੱਤ ਦੀਆਂ ਖੇਡਾਂ, 2022 ਵਿੱਚ ਕਤਰ ਵਿੱਚ ਹੋਣ ਵਾਲੇ ਵਰਲਡ ਕੱਪ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।ਪਰ ਇਸ ਲਈ ਸ਼ਰਤ ਇਹ ਹੈ ਕਿ ਰੂਸ ਦੇ ਖਿਡਾਰੀਆਂ ਦੇ ਡੋਪਿੰਗ ਟੈਸਟ ਪਾਜ਼ੀਟਿਵ ਨਹੀੱ ਆਉਣੇ ਚਾਹੀਦੇ।ਵਰਲਡ ਐਂਟੀ ਡੋਪਿੰਗ ਏਜੰਸੀ ਵੱਲੋਂ ਰੱਖੇ ਪ੍ਰਸਤਾਵ ਅਨੁਸਾਰ ਇਸ ਲਈ ਚਾਰ ਸਾਲ ਦੀ ਪਾਬੰਦੀ ਹੀ ਸਜ਼ਾ ਹੈ।
ਜਿ਼ਕਰਯੋਗ ਹੈ ਕਿ 2014 ਵਿੱਚ ਹੋਈਆਂ ਸੋਚੀ ਓਲੰਪਿਕਸ ਖੇਡਾਂ ਵਿੱਚ ਰੂਸੀ ਖਿਡਾਰੀਆਂ ਉੱਤੇ ਡੋਪਿੰਗ ਦੇ ਲੱਗੇ ਦੋਸ਼ਾਂ ਤੋਂ ਬਾਅਦ ਰੂਸ ਦੇ ਖਿਡਾਰੀਆਂ ਉੱਤੇ ਕੌਮਾਂਤਰੀ ਖੇਡਾਂ ਵਿੱਚ ਹਿੱਸਾ ਲੈਣ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। ਉਸ ਸਮੇੱ ਇਹ ਪਾਇਆ ਗਿਆ ਸੀ ਕਿ ਰੂਸ ਦੇ ਸਰਕਾਰੀ ਅਧਿਕਾਰੀਆਂ ਨੇ ਮਾਸਕੋ ਦੀ ਟੈਸਟਿੰਗ ਲੈਬੌਰਟਰੀ ਦੇ ਡਾਟਾਬੇਸ ਨਾਲ ਛੇੜਛਾੜ ਕਰਕੇ ਪਿਛਲੇ ਸਾਲ ਵਾਡਾ ਜਾਂਚਕਾਰਾਂ ਨੂੰ ਗਲਤ ਰਿਕਾਰਡ ਮੁਹੱਈਆ ਕਰਵਾਇਆ ਸੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਰੂਸ ਦੀ ਏਜੰਸੀ ਰੁਸਾਡਾ ਨੂੰ ਗੈਰ ਅਨੁਕੂਲ ਦੱਸਿਆ ਗਿਆ ਸੀ। ਕੋਰਟ ਆਫ ਆਰਬਿਟ੍ਰੇਸ਼ਨ ਫੌਰ ਸਪੋਰਟਸ ਦੇ ਤਿੰਨ ਜੱਜਾਂ ਵੱਲੋਂ ਵੀਰਵਾਰ ਨੂੰ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਹੈ। ਰੁਸਾਡਾ ਨੂੰ ਵਾਡਾ ਨੂੰ 1·27 ਮਿਲੀਅਨ ਡਾਲਰ ਅਦਾ ਕਰਨ ਦੇ ਹੁਕਮ ਵੀ ਦਿੱਤੇ ਗਏ ਸਨ।
ਪਿਛਲੇ ਮਹੀਨੇ ਲਾਅਸੇਨ ਵਿੱਚ ਜਦੋਂ ਇਸ ਮਾਮਲੇ ਦੀ ਚਾਰ ਰੋਜ਼ਾ ਸੁਣਵਾਈ ਹੋਈ ਸੀ ਤਾਂ ਰੂਸੀ ਖਿਡਾਰੀਆਂ ਤੇ ਉਨ੍ਹਾਂ ਦੇ ਵਕੀਲਾਂ ਨੇ ਵੀ ਉਸ ਵਿੱਚ ਤੀਜੀ ਧਿਰ ਵਜੋਂ ਹਿੱਸਾ ਲਿਆ ਸੀ। ਉਨ੍ਹਾਂ ਇਹ ਤਰਕ ਦਿੱਤਾ ਸੀ ਕਿ ਖੇਡਾਂ ਵਿੱਚ ਕੰਮ ਨਾ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੀਆਂ ਗਲਤੀਆਂ ਲਈ ਖਿਡਾਰੀਆਂ ਨੂੰ ਸਜ਼ਾ ਨਹੀੱ ਦਿੱਤੀ ਜਾਣੀ ਚਾਹੀਦੀ।
ਇਸ ਮਾਮਲੇ ਵਿੱਚ ਰੁਸਾਡਾ ਨੂੰ ਬਹਾਲ ਕਰਨ ਲਈ ਇਹ ਸ਼ਰਤ ਰੱਖੀ ਗਈ ਸੀ ਕਿ ਦਸੰਬਰ 2018 ਤੱਕ ਵਾਡਾ ਨੂੰ ਲੈਬ ਡਾਟਾਬੇਸ ਮੁਹੱਈਆ ਕਰਵਾਇਆ ਜਾਵੇ। ਪਰ ਮਾਸਕੋ ਵਿਚਲੇ ਵਾਡਾ ਦੇ ਜਾਂਚਕਾਰਾਂ ਨੂੰ ਇਸ ਮਿਥੀ ਗਈ ਡੈੱਡਲਾਈਨ ਤੋਂ ਇੱਕ ਮਹੀਨੇ ਬਾਅਦ ਡਾਟਾ ਹਾਸਲ ਹੋਇਆ। ਡੋਪਿੰਗ ਟੈਸਟ ਦੇ ਸਬੂਤ ਤੇ ਈਮੇਲਜ਼ ਨੂੰ ਜਾਂ ਤਾਂ ਡਲੀਟ ਕਰ ਦਿੱਤਾ ਗਿਆ ਸੀ ਤੇ ਜਾਂ ਫਿਰ ਉਨ੍ਹਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਸਨ।